ਨਵੀਂ ਦਿੱਲੀ, 31 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੀਨ ਵੱਲੋਂ ਜਾਰੀ ‘ਸਟੈਂਡਰਡ ਨਕਸ਼ੇ’ ਵਿੱਚ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਨੂੰ ਆਪਣਾ ਖੇਤਰ ਦੱਸਣ ਦੇ ਦਾਅਵਿਆਂ ਨੂੰ ‘ਬਹੁਤ ਗੰਭੀਰ’ ਮਸਲਾ ਕਰਾਰ ਦਿੱਤਾ ਹੈ। ਗਾਂਧੀ ਨੇ ਕਿਹਾ ਕਿ ਗੁਆਂਢੀ ਮੁਲਕ ਪਹਿਲਾਂ ਹੀ ਲੱਦਾਖ ਵਿੱਚ ਭਾਰਤੀ ਸਰਜ਼ਮੀਨ ’ਤੇ ਕਬਜ਼ਾ ਕਰ ਚੁੱਕਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਸਲੇ ’ਤੇ ਜਵਾਬ ਦੇਣਾ ਚਾਹੀਦਾ ਹੈ। ਪੇਈਚਿੰਗ ਨੇ ਸੋਮਵਾਰ ਨੂੰ ਸਾਲ 2023 ਲਈ ‘ਚੀਨ ਦਾ ਸਟੈਂਡਰਡ ਨਕਸ਼ਾ’ ਜਾਰੀ ਕੀਤਾ ਸੀ। ਇਸ ਨਵੇਂ ਨਕਸ਼ੇ ਵਿੱਚ ਚੀਨ ਨੇ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਨੂੰ ਆਪਣੇ ਸਰਹੱਦੀ ਖੇਤਰ ਵਜੋਂ ਦਰਸਾਇਆ ਸੀ।
ਇੰਡੀਆ ਗੱਠਜੋੜ ਦੀ ਦੋ ਰੋਜ਼ਾ ਬੈਠਕ ਲਈ ਕਰਨਾਟਕ ਰਵਾਨਾ ਹੋਣ ਤੋਂ ਪਹਿਲਾਂ ਗਾਂਧੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ ਅਜੇ ਹੁਣੇ ਲੱਦਾਖ ਤੋਂ ਪਰਤਿਆ ਹਾਂ ਅਤੇ ਮੈਂ ਪਿਛਲੇ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਦਾ ਇਹ ਦਾਅਵਾ ਕਿ ਲੱਦਾਖ ਵਿੱਚ ਜ਼ਮੀਨ ਦੇ ਇਕ ਇੰਚ ’ਤੇ ਵੀ ਚੀਨ ਦਾ ਕਬਜ਼ਾ ਨਹੀਂ ਹੋਇਆ, ਸਰਾਸਰ ਝੂਠ ਹੈ। ਪੂਰੇ ਲੱਦਾਖ ਨੂੰ ਪਤਾ ਹੈ ਕਿ ਚੀਨ ਨੇ ਸਾਡੀ ਸਰਜ਼ਮੀਨ ਹੜੱਪੀ ਹੈ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਨਵੇਂ ਨਕਸ਼ੇ ਨਾਲ ਜੁੜਿਆ ਮਸਲਾ ਬਹੁਤ ਸੰਜੀਦਾ ਹੈ, ਪਰ ਉਹ ਪਹਿਲਾਂ ਹੀ ਸਾਡੀ ਜ਼ਮੀਨ ਹੜੱਪ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਨੂੰ ਵੀ ਇਸ ਬਾਰੇ ਬੋਲਣਾ ਚਾਹੀਦਾ ਹੈ।’’
ਕਾਂਗਰਸ ਨੇ ਲੰਘੇ ਦਿਨ ਇਸ ਨਵੇਂ ਚੀਨੀ ਨਕਸ਼ੇ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਭਾਰਤ ਦੇ ਅਨਿੱਖੜਵੇ ਅੰਗ ਹਨ ਤੇ ‘ਆਦਤ ਤੋਂ ਮਜਬੂਰ’ ਮੁਲਕ ਵੱਲੋਂ ਆਪਹੁਦਰੇ ਜਾਂ ਗੈਰਕਾਨੂੰਨੀ ਢੰਗ ਨਾਲ ਤਿਆਰ ਨਕਸ਼ੇ ਨਾਲ ਇਹ ਸੱਚਾਈ ਬਦਲਣ ਵਾਲੀ ਨਹੀਂ।
ਗਾਂਧੀ ਨੇ ਪਿਛਲੇ ਹਫ਼ਤੇ ਕਾਰਗਿਲ ਵਿੱਚ ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਬੋਲਦਿਆਂ ਕਿਹਾ ਸੀ ਕਿ ਲੱਦਾਖ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਚੀਨ ਨੇ ‘ਸਾਡੀ ਸਰਜ਼ਮੀਨ ਹੜੱਪੀ’ ਹੈ ਤੇ ਪ੍ਰਧਾਨ ਮੰਤਰੀ ਦਾ ਇਹ ਦਾਅਵਾ ਕਿ ੲਿਕ ਇੰਚ ਜ਼ਮੀਨ ’ਤੇ ਕਬਜ਼ਾ ਨਹੀਂ ਹੋਣ ਦਿੱਤਾ, ‘ਸਰਾਸਰ ਝੂਠ’ ਹੈ। ਉਧਰ ਵਿਦੇਸ਼ ਮੰਤਰਾਲੇ ਨੇ ਵੀ ਲੰਘੇ ਦਿਨ ਇਸ ਨਵੇਂ ਨਕਸ਼ੇ ਨੂੰ ਲੈ ਕੇ ਚੀਨ ਕੋਲ ਸਖ਼ਤ ਇਤਰਾਜ਼ ਜਤਾਇਆ ਸੀ। ਮੰਤਰਾਲੇ ਨੇ ਕਿਹਾ ਸੀ ਕਿ ਚੀਨ ਦੀ ਅਜਿਹੀ ਪੇਸ਼ਕਦਮੀ ਨਾਲ ਸਬੰਧਤ ਖੇਤਰਾਂ ਵਿਚ ਸਰਹੱਦੀ ਵਿਵਾਦ ਵਧੇਰੇ ‘ਗੁੰਝਲਦਾਰ’ ਬਣੇਗਾ।