ਪੇਈਚਿੰਗ, 4 ਫਰਵਰੀ

ਚੀਨ ਦੇ ਸ਼ਹਿਰ ਪੇਈਚਿੰਗ ਵਿੱਚ ਸਰਦ-ਰੁੱਤ ਓਲੰਪਿਕ ਖੇਡਾਂ ਦਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਥੋੜ੍ਹਾ ਚਿਰ ਪਹਿਲਾਂ ਇੱਕ ਲਾਈਵ ਨਿਊਜ਼ ਸ਼ੋਅ ਦੌਰਾਨ ਡੱਚ ਦੇ ਚੈਨਲ ਐੱਨਓਐੱਸ ਦੇ ਪੱਤਰਕਾਰ ਨਾਲ ਧੱਕਾ-ਮੁੱਕੀ ਕੀਤੀ ਗਈ। ਚੀਨ ਵਿੱਚ ਐੱਨਓਐੱਸ ਦੇ ਪੱਤਰਕਾਰ ਸਯੋਰਡ ਡੈਨ ਦਾਸ ਜਦੋਂ ਕੈਮਰੇ ਸਾਹਮਣੇ ਬੋਲ ਰਿਹਾ ਸੀ ਤਾਂ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਧੱਕ ਕੇ ਪਰ੍ਹਾਂ ਕਰ ਦਿੱਤਾ। ਡੈਨ ਦਾਸ ਸ਼ਾਂਤ ਰਿਹਾ ਅਤੇ ਬਾਅਦ ਵਿੱਚ ਨੀਦਰਲੈਂਡਜ਼ ਵਿੱਚ ਆਪਣੇ ਐਂਕਰ ਨੂੰ ਕਿਹਾ, ‘‘ਮੈਨੂੰ ਡਰ ਹੈ ਕਿ ਸਾਨੂੰ ਬਾਅਦ ਵਿੱਚ ਤੁਹਾਡੇ ਕੋਲ ਆਉਣਾ ਪਵੇਗਾ।’’ ਪ੍ਰਸਾਰਕ ਨੇ ਟਵੀਟ ਕੀਤਾ, ‘‘ਅਫਸੋਸ ਦੀ ਗੱਲ ਹੈ ਕਿ ਚੀਨ ਵਿੱਚ ਪੱਤਰਕਾਰਾਂ ਲਈ ਇਹ ਰੋਜ਼ਾਨਾ ਦੀ ਹਕੀਕਤ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਡੈਨ ਦਾਸ ਠੀਕ-ਠਾਕ ਹੈ ਅਤੇ ਉਸ ਨੇ ਥੋੜ੍ਹੀ ਦੇਰ ਬਾਅਦ ਆਪਣੀ ਖ਼ਬਰ ਪੂਰੀ ਕਰ ਲਈ।’’