ਨਵੀਂ ਦਿੱਲੀ, 8 ਫਰਵਰੀ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪੂਰਬੀ ਲੱਦਾਖ ਵਿੱਚ 33 ਮਹੀਨਿਆਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਦਰਮਿਆਨ ਅੱਜ ਕਿਹਾ ਕਿ ਭਾਰਤ ਨੇ ਚੀਨ ਨਾਲ ਲੱਗਦੀਆਂ ਉੱਤਰੀ ਸਰਹੱਦਾਂ ਨੇੜੇ ਸਪੱਸ਼ਟ ਰਣਨੀਤਕ ਕਾਰਨਾਂ ਕਰ ਕੇ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਵਿਕਾਸ ’ਤੇ ਧਿਆਨ ਕੇਂਦਰਿਤ ਕੀਤਾ ਹੈ।

ਮੰਤਰੀ ਨੇ ਪੱਤਰਕਾਰਾਂ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਲੱਦਾਖ ਖੇਤਰ ਵਿੱਚ 135 ਕਿਲੋਮੀਟਰ ਤੱਕ ਫੈਲੀ ਰਣਨੀਤਕ ਤੌਰ ’ਤੇ ਅਹਿਮ ਚੁਸ਼ੁਲ-ਡੁੰਗਤੀ-ਫੁਕਚੇ-ਡੈਮਚੋਕ ਸੜਕ ’ਤੇ ਕੰਮ ਪਿਛਲੇ ਮਹੀਨੇ ਸ਼ੁਰੂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੀਨ ਨਾਲ ਲੱਗਦੀ ਸਰਹੱਦ ’ਤੇ ਫ਼ੌਜੀ ਸੈਨਿਕਾਂ ਦੀ ਤਾਇਨਾਤੀ ਬਣਾਈ ਰੱਖਣ ਲਈ ਲੋੜੀਂਦੇ 16 ਪ੍ਰਮੁੱਖ ਦੱਰਿਆਂ ਨੂੰ ਰਿਕਾਰਡ ਸਮੇਂ ’ਚ ਅਤੇ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਪਹਿਲਾਂ ਖੋਲ੍ਹ ਦਿੱਤਾ ਗਿਆ ਹੈ। ਅਰੁਣਚਾਲ ਪ੍ਰਦੇਸ਼, ਸਿੱਕਮ ਅਤੇ ਲੱਦਾਖ ਵਿੱਚ ਸਰਹੱਦੀ ਇਲਾਕਿਆਂ ’ਚ ਲੱਗੇ ਕੁਝ ਦੱਰਿਆਂ ਨੂੰ ਕਠੋਰ ਸਰਦੀ ਦੇ ਮਹੀਨਿਆਂ ਵਿੱਚ ਭਾਰੀ ਬਰਫਬਾਰੀ ਕਾਰਨ ਬੰਦ ਕਰ ਦਿੱਤਾ ਜਾਂਦਾ ਹੈ।