ਨਵੀਂ ਦਿੱਲੀ, 3 ਅਗਸਤ

ਆਈਪੀਐਲ ਗਵਰਨਿੰਗ ਕੌਂਸਲ ਨੇ ਫ਼ੈਸਲਾ ਕੀਤਾ ਹੈ ਕਿ ਲੀਗ ਦੇ ਸਾਰੇ ਸਪੌਂਸਰ ਬਰਕਰਾਰ ਰੱਖੇ ਜਾਣਗੇ। ਚੀਨ ਦੀ ਮੋਬਾਈਲ ਕੰਪਨੀ ‘ਵੀਵੋ’ ਵੀ ਲੀਗ ਦੀ ਸਪੌਂਸਰ ਹੈ। ਕੋਵਿਡ ਦੇ ਵੱਧ ਰਹੇ ਕੇਸਾਂ ਕਾਰਨ ਲੀਗ ਇਸ ਸਾਲ 19 ਸਤੰਬਰ ਤੋਂ ਦਸ ਨਵੰਬਰ ਤੱਕ ਯੂਏਈ ਵਿਚ ਕਰਵਾਈ ਜਾ ਰਹੀ ਹੈ। ਕੌਂਸਲ ਦੀ ਆਨਲਾਈਨ ਮੀਟਿੰਗ ਵਿਚ ਇਹ ਫ਼ੈਸਲੇ ਲਏ ਗਏ ਹਨ। ਚੀਨੀ ਤੇ ਭਾਰਤੀ ਫ਼ੌਜਾਂ ਵਿਚਾਲੇ ਟਕਰਾਅ ਮਗਰੋਂ ਚੀਨੀ ਸਪੌਂਸਰਾਂ ਦਾ ਮੁੱਦਾ ਉੱਭਰਿਆ ਸੀ ਤੇ ਬੀਸੀਸੀਆਈ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ। ਇਕ ਹੋਰ ਵੱਡੇ ਫ਼ੈਸਲੇ ਵਿਚ ਕੌਂਸਲ ਨੇ ਔਰਤਾਂ ਦੀ ਆਈਪੀਐਲ ਵੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਕੌਂਸਲ ਗ੍ਰਹਿ ਤੇ ਵਿਦੇਸ਼ ਮੰਤਰਾਲੇ ਦੀ ਪ੍ਰਵਾਨਗੀ ਉਡੀਕ ਰਹੀ ਹੈ। ਦੀਵਾਲੀ ਵਾਲੇ ਹਫ਼ਤੇ ਵਿਚ ਲੀਗ ਦਾ ਫਾਈਨਲ ਖੇਡਿਆ ਜਾਵੇਗਾ। ਕਰੋਨਾਵਾਇਰਸ ਕਾਰਨ ਟੀਮਾਂ ਵਿਚ ਅਣਗਿਣਤ ਤਬਦੀਲੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਲੀਗ ਲਈ ਯੂਏਈ ਵਿਚ ਮੈਡੀਕਲ ਇਕਾਈ ਕਾਇਮ ਕੀਤੀ ਜਾਵੇਗੀ। ਕ੍ਰਿਕਟ ਦੁਬਾਰਾ ਸ਼ੁਰੂ ਕਰਨ ਲਈ ਬੀਸੀਸੀਆਈ ਨੇ ਸੂਬਾਈ ਐਸੋਸੀਏਸ਼ਨਾਂ ਨੂੰ ਹਦਾਇਤਾਂ (ਐੱਸਓਪੀ) ਜਾਰੀ ਕੀਤੀਆਂ ਹਨ। ਸਿਖ਼ਲਾਈ ਸ਼ੁਰੂ ਕਰਨ ਤੋਂ ਪਹਿਲਾਂ ਖਿਡਾਰੀਆਂ ਨੂੰ ਸਹਿਮਤੀ ਦੇਣੀ ਪਵੇਗੀ।