ਮੋਦੀ ਨੂੰ ਚਿੱਠੀ ਲਿਖ ਮੁੱਖ ਮੰਤਰੀ ਨੇ ਸਵੀਕਾਰੀ ਆਪਣੀ ਢਾਈ ਸਾਲ ਦੀ ਨਾਕਾਮੀ

ਚੰਡੀਗੜ, 7 ਜੂਨ 2019 

    ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪਿ੍ਰੰਸੀਪਲ ਬੁੱਧਰਾਮ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਨਸ਼ੇ ਦੀ ਦਲਦਲ ‘ਚ ਫਸੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਆਪਣਾ ਸਿਆਸੀ ਇਰਾਦਾ ਦਿ੍ਰੜ ਕਰਨ ਅਤੇ ਨਸ਼ਾ ਮਾਫ਼ੀਆ ਦੀ ਸਪਲਾਈ ਲਾਇਨ ਹੇਠਾਂ ਤੋਂ ਲੈ ਕੇ ਉੱਪਰ ਤੱਕ ਬਿਨਾ ਪੱਖਪਾਤ ਕੁਚਲ ਦੇਣ। 

    ‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਿ੍ਰੰਸੀਪਲ ਬੁੱਧਰਾਮ ਨੇ ਕਿਹਾ ਕਿ ਨਸ਼ਿਆਂ ਅਤੇ ਨਸ਼ਾ ਤਸਕਰਾਂ ਨੂੰ 4 ਹਫ਼ਤਿਆਂ ‘ਚ ਪੰਜਾਬ ‘ਚੋਂ ਖ਼ਤਮ ਕਰਨ ਦੇ ਵਾਅਦੇ ਨਾਲ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਨਾਂ ਢਾਈ ਸਾਲਾਂ ਦੌਰਾਨ ਬਹੁਤ ਹੀ ਕਮਜ਼ੋਰ ਅਤੇ ਨਿਕੰਮੇ ਮੁੱਖ ਮੰਤਰੀ ਸਾਬਤ ਹੋਏ ਹਨ। ਨਸ਼ਿਆਂ ਦਾ ਪ੍ਰਕੋਪ ਪਿਛਲੀ ਬਾਦਲ ਸਰਕਾਰ ਵਾਂਗ ਜਿਓ ਦਾ ਤਿਉਂ ਹੈ, ਸਿਆਸੀ ਸਰਪ੍ਰਸਤੀ ਥੱਲੇ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਨਸ਼ਿਆਂ ਖ਼ਾਸ ਕਰਕੇ ਚਿੱਟੇ ਅਤੇ ਸਮੈਕ ਦੀ ਧੜੱਲੇ ਨਾਲ ‘ਹੋਮ ਡਿਲਿਵਰੀ’ ਹੋ ਰਹੀ ਹੈ। ਸਿਆਸੀ ਦਬਾਅ ਅਤੇ ਉੱਚ ਪੱਧਰੀ ਮਿਲੀਭੁਗਤ ਕਾਰਨ ਪੁਲਸ ਪ੍ਰਸ਼ਾਸਨ ਅਤੇ ਸਰਕਾਰੀ ਖ਼ੁਫ਼ੀਆ ਤੰਤਰ ਮੂਕ ਦਰਸ਼ਕ ਬਣ ਡਰਾਮਾ ਦੇਖ ਰਿਹਾ ਹੈ। 

    ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਦੀ ਸਮੱਸਿਆ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ‘ਤੇ ਤਿੱਖੀ ਪ੍ਰਤੀਿਆ ਦਿੰਦੇ ਹੋਏ ਪਿ੍ਰੰਸੀਪਲ ਬੁੱਧਰਾਮ ਨੇ ਕਿਹਾ ਕਿ ਇਸ ਪੱਤਰ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਇਕਬਾਲ ਕੀਤਾ ਹੈ ਕਿ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਗੰਭੀਰ ਹੈ, ਪਰੰਤੂ ਸਵਾਲ ਇਹ ਹੈ ਕਿ ਇਸ ਗੰਭੀਰ ਸੰਕਟ ਨਾਲ ਨਿਪਟਣ ਲਈ ਪਿਛਲੇ ਢਾਈ ਸਾਲਾਂ ‘ਚ ਕੈਪਟਨ ਸਰਕਾਰ ਨੇ ਖ਼ੁਦ ਕਿਹੜੇ ਕਦਮ ਉਠਾਏ ਹਨ? ਨਸ਼ਾ ਤਸਕਰਾਂ ਦੀ ਸਪਲਾਈ ਲਾਇਨ ਤੋੜਨ ‘ਚ ਕੈਪਟਨ ਸਰਕਾਰ ਕਿਉਂ ਬੁਰੀ ਤਰਾਂ ਫ਼ੇਲ ਹੋਈ ਹੈ? ਇਸ ਦਾ ਇੱਕ ਮਾਤਰ ਕਾਰਨ ਕੈਪਟਨ ਅਮਰਿੰਦਰ ਸਿੰਘ ਦਾ ਕਮਜ਼ੋਰ ਸਿਆਸੀ ਇਰਾਦਾ ਅਤੇ ਇਸ ਕਾਲੇ ਕਾਰੋਬਾਰ ‘ਚ ਸਿਆਸੀ ਅਤੇ ਪੁਲਸ ਤੰਤਰ ਦੀ ਹਿੱਸੇਦਾਰੀ ਹੋਣਾ ਹੈ। 

    ਪਿ੍ਰੰਸੀਪਲ ਬੁੱਧਰਾਮ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਇਸ ਕਮਜ਼ੋਰੀ ਅਤੇ ਕੰਮ-ਚੋਰੀ ਨੇ ਪਿਛਲੇ ਢਾਈ ਸਾਲਾਂ ਦੌਰਾਨ ਸੂਬੇ ਦੇ ਸੈਂਕੜੇ ਨੌਜਵਾਨਾਂ ਨੂੰ ਨਸ਼ੇ ਦੀ ਓਵਰ ਡੋਜ਼ ਨੇ ਮੌਤ ਦੇ ਮੂੰਹ ‘ਚ ਸੁੱਟ ਦਿੱਤਾ ਹੈ ਅਤੇ ਉਨਾਂ ਦੇ ਪਰਿਵਾਰ ਵੀ ਤਬਾਹ ਕਰ ਦਿੱਤੇ ਹਨ। ਇਸ ਲਈ ਹੁਣ ਚਿੱਠੀ ਪੱਤਰ ਰਾਹੀਂ ਨਹੀਂ ਸਖ਼ਤੀ ਅਤੇ ਦਿ੍ਰੜ ਇਰਾਦੇ ਨਾਲ ਹੀ ਨਸ਼ਿਆਂ ਅਤੇ ਨਸ਼ਾ ਤਸਕਰਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ।