ਹਰਿੰਦਰ ਸਿੰਘ ਗੋਗਨਾ
ਚਿੰਕੀ ਨੂੰ ਵੀ ਦੂਜਿਆਂ ਬੱਚਿਆਂ ਵਾਂਗ ਚਾਕਲੇਟ ਖਾਣਾ ਬਹੁਤ ਪਸੰਦ ਸੀ। ਪਰ ਉਹ ਚਾਕਲੇਟ ਤੇ ਟੌਫ਼ੀਆਂ ਦੀ ਕੁਝ ਜ਼ਿਆਦਾ ਹੀ ਸ਼ੌਕੀਨ ਸੀ। ਚਾਕਲੇਟ ਖਾਣ ਦਾ ਤਾਂ ਕੋਈ ਵੀ ਮੌਕਾ ਉਹ ਜਾਣ ਨਾ ਦਿੰਦੀ। ਉਸ ਨੂੰ ਜ਼ਿਆਦਾਤਰ ਚਾਕਲੇਟ ਖਾਂਦੇ ਵੇਖ ਕੇ ਮੰਮੀ-ਪਾਪਾ ਗੁੱਸਾ ਕਰਦੇ ਸਨ। ਇਸ ਲਈ ਉਹ ਉਨ੍ਹਾਂ ਸਾਹਮਣੇ ਚਾਕਲੇਟ ਨਾ ਖਾਂਦੀ, ਪਰ ਸਕੂਲ ਜਾਂਦੇ ਸਮੇਂ ਉਹ ਰਸਤੇ ਵਿੱਚੋਂ ਕੁਝ ਨਿੱਕੀਆਂ ਨਿੱਕੀਆਂ ਚਾਕਲੇਟਾਂ ਖਰੀਦ ਲੈਂਦੀ ਤੇ ਬਸਤੇ ਵਿੱਚ ਰੱਖ ਲੈਂਦੀ ਸੀ। ਫਿਰ ਕਲਾਸ ਵਿੱਚ ਅਧਿਆਪਕਾਂ ਤੋਂ ਅੱਖ ਬਚਾ ਕੇ ਚਾਕਲੇਟ ਖਾਂਦੀ ਰਹਿੰਦੀ।
ਉਸ ਦੀਆਂ ਪੱਕੀਆਂ ਸਹੇਲੀਆਂ ਉਸ ਨੂੰ ਸਮਝਾਉਂਦੀਆਂ ਕਿ ਇੰਨੀਆਂ ਚਾਕਲੇਟ ਤੇ ਟੌਫ਼ੀਆਂ ਖਾਣਾ ਸਿਹਤ ਲਈ ਠੀਕ ਨਹੀਂ, ਪਰ ਚਿੰਕੀ ਦੇ ਕੰਨੀਂ ਜੂੰ ਨਾ ਸਰਕਦੀ।
ਇੱਕ ਦਿਨ ਸਰੀਰਕ ਸਿੱਖਿਆ ਦੀ ਅਧਿਆਪਕਾ ਮਮਤਾ ਨੇ ਚਿੰਕੀ ਨੂੰ ਕੋਈ ਸਵਾਲ ਪੁੱਛਣ ਲਈ ਆਪਣੇ ਕੋਲ ਬੁਲਾਇਆ। ਜਿਵੇਂ ਹੀ ਚਿੰਕੀ ਨੇ ਆਪਣਾ ਮੂੰਹ ਖੋਲ੍ਹਿਆ ਤਾਂ ਮੈਡਮ ਨੇ ਆਪਣੇ ਨੱਕ ’ਤੇ ਹੱਥ ਰੱਖ ਲਿਆ।
ਚਿੰਕੀ ਦੇ ਮੂੰਹ ਵਿੱਚ ਅਜੇ ਵੀ ਬਚੀ ਹੋਈ ਚਾਕਲੇਟ ਸੀ ਤੇ ਉਸ ਦੇ ਦੰਦਾਂ ’ਤੇ ਚਿਪਕੀ ਹੋਈ ਸਾਫ਼ ਵਿਖਾਈ ਦੇ ਰਹੀ ਸੀ। ਮੈਡਮ ਨੇ ਚਿੰਕੀ ਨੂੰ ਕਿਹਾ,‘‘ਚਿੰਕੀ, ਤੇਰੇ ਦੰਦ ਤਾਂ ਬਹੁਤ ਖਰਾਬ ਹੋ ਚੁੱਕੇ ਨੇ। ਕਿੰਨਾ ਪੀਲਾਪਣ ਵੀ ਛਾਇਆ ਹੈ ਇਨ੍ਹਾਂ ’ਤੇ। ਮੂੰਹ ਵਿੱਚੋਂ ਬਦਬੂ ਵੀ ਆ ਰਹੀ ਐ। ਤੂੰ ਦੰਦਾਂ ਦਾ ਜ਼ਰਾ ਵੀ ਖ਼ਿਆਲ ਨਹੀਂ ਰੱਖਦੀ?’’
‘‘ਮੈਡਮ, ਇਹ ਸਾਰਾ ਦਿਨ ਬਸਤੇ ਵਿੱਚੋਂ ਚਾਕਲੇਟ ਕੱਢ ਕੇ ਖਾਂਦੀ ਰਹਿੰਦੀ ਐ।’’ ਤਦੇ ਕੁਝ ਦੇਰ ਪਹਿਲਾਂ ਚਿੰਕੀ ਨਾਲ ਕਿਸੇ ਗੱਲੋਂ ਨਾਰਾਜ਼ ਹੋਏ ਗੁਰਬਾਜ਼ ਨੇ ਆਪਣੀ ਜਗ੍ਹਾ ਤੋਂ ਉੱਠ ਕੇ ਮੈਡਮ ਨੂੰ ਚਿੰਕੀ ਦੀ ਸ਼ਿਕਾਇਤ ਕਰਦਿਆਂ ਕਿਹਾ।
‘‘ਨਾ ਚਿੰਕੀ, ਇਹ ਗਲਤ ਗੱਲ ਐ ਬੇਟਾ। ਜ਼ਿਆਦਾ ਚਾਕਲੇਟ, ਟੌਫ਼ੀਆਂ ਖਾਣ ਨਾਲ ਦੰਦ ਖਰਾਬ ਹੋ ਜਾਂਦੇ ਨੇ। ਕਈ ਵਾਰ ਤਾਂ ਕੀੜਾ ਵੀ ਲੱਗ ਜਾਂਦੈ। ਮੈਂ ਤਾਂ ਸਮਝਦੀ ਸੀ ਕਿ ਤੂੰ ਕਲਾਸ ਵਿੱਚੋਂ ਸਭ ਤੋਂ ਸੋਹਣੀ ਲੜਕੀ ਏਂ, ਪਰ ਦੰਦਾਂ ਦੀ ਸਫ਼ਾਈ ਦੇ ਮਾਮਲੇ ਵਿੱਚ ਤਾਂ ਤੂੰ ਸਭ ਤੋਂ ਪਿੱਛੇ ਹੈਂ।’’
ਚਿੰਕੀ ’ਤੇ ਮੈਡਮ ਦੀ ਗੱਲ ਦਾ ਬਹੁਤਾ ਅਸਰ ਨਹੀਂ ਸੀ ਹੋਇਆ। ਇਹ ਗੱਲਾਂ ਤਾਂ ਉਸ ਨੂੰ ਉਸ ਦੇ ਮੰਮੀ-ਪਾਪਾ ਤੇ ਸਹੇਲੀਆਂ ਵੀ ਸਮਝਾਉਂਦੀਆਂ ਸਨ। ਉਹ ਮੈਡਮ ਅੱਗੇ ਸਿਰ ਝੁਕਾ ਕੇ ਖੜ੍ਹੀ ਰਹੀ।
ਤਦੇ ਮੈਡਮ ਨੇ ਆਪਣੇ ਪਰਸ ਵਿੱਚੋਂ ਵੱਡੀ ਸਕਰੀਨ ਵਾਲਾ ਮੋਬਾਈਲ ਕੱਢਿਆ ਤੇ ਫਿਰ ਯੂ-ਟਿਊਬ ਖੋਲ੍ਹਦਿਆਂ ਬੱਚਿਆਂ ਤੇ ਚਿੰਕੀ ਨੂੰ ਆਖਣ ਲੱਗੀ, ‘‘ਬੱਚਿਉ, ਜਿਹੜੇ ਬੱਚੇ ਜ਼ਿਆਦਾ ਟੌਫ਼ੀਆਂ ਤੇ ਚਾਕਲੇਟ ਜਾਂ ਹੋਰ ਨੁਕਸਾਨਦੇਹ ਚੀਜ਼ਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਦੰਦ ਖ਼ਰਾਬ ਹੋ ਜਾਂਦੇ ਨੇ। ਕਿਵੇਂ ਹੋ ਜਾਂਦੇ ਨੇ ਆਹ ਵੇਖੋ। ਚਾਕਲੇਟ, ਟੌਫ਼ੀਆਂ ਦੰਦਾਂ ਵਿੱਚ ਫਸਣ ਕਰਕੇ ਬੈਕਟੀਰੀਆ ਬਣਦੇ ਹਨ। ਇਹੋ ਬੈਕਟੀਰੀਆ ਐਸਿਡ ਬਣਾਉਂਦੇ ਨੇ ਤੇ ਦੰਦਾਂ ਨੂੰ ਗਾਲ ਦਿੰਦੇ ਨੇ। ਦੰਦਾਂ ਦਾ ਸਬੰਧ ਸਿਹਤ ਨਾਲ ਵੀ ਹੈ ਤੇ ਸੁੰਦਰਤਾ ਨਾਲ ਵੀ। ਦੰਦ ਸਾਫ਼, ਸੁੰਦਰ ਤੇ ਮਜ਼ਬੂਤ ਬਣੇ ਰਹਿਣ ਤਾਂ ਚਿਹਰਾ ਵੀ ਖੂਬਸੂਰਤ ਦਿਖਾਈ ਦਿੰਦਾ ਹੈ। ਕਿਉਂਕਿ ਅਸੀਂ ਜੋ ਕੁਝ ਵੀ ਖਾਂਦੇ ਹਾਂ, ਦੰਦਾਂ ਦੀ ਬਦੌਲਤ ਹੀ ਚੰਗੀ ਤਰ੍ਹਾਂ ਚਬਾਉਣ ਨਾਲ ਉਹ ਸਾਨੂੰ ਹਜ਼ਮ ਹੁੰਦਾ ਹੈ ਤੇ ਚੰਗਾ ਹਾਜਮਾ ਹੀ ਚੰਗੀ ਸਿਹਤ ਦਾ ਰਾਜ਼ ਹੈ। ਵੇਖੋ ਇਸ ਵੀਡੀਓ ਨੂੰ।’’
ਫਿਰ ਮੈਡਮ ਨੇ ਵੀਡੀਓ ਚਿੰਕੀ ਤੇ ਬਾਕੀ ਬੱਚਿਆਂ ਨੂੰ ਵਿਖਾਈ ਜਿਸ ਵਿੱਚ ਇੱਕ ਡਾਕਟਰ ਇੱਕ ਬੱਚੇ ਦਾ ਦੰਦ ਕੱਢ ਰਿਹਾ ਸੀ ਜਿਸ ਨੂੰ ਕਿ ਕੀੜਾ ਲੱਗਾ ਸੀ। ਇਹ ਬੱਚਾ ਚਿੰਕੀ ਵਾਂਗ ਹੀ ਜ਼ਿਆਦਾਤਰ ਚਾਕਲੇਟ ਤੇ ਹੋਰ ਦੰਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਦਾ ਸੀ। ਉਹ ਬੱਚਾ ਦਰਦ ਨਾਲ ਚੀਕਾਂ ਮਾਰ ਰਿਹਾ ਸੀ।
ਇਹ ਵੇਖ ਚਿੰਕੀ ਕੁਝ ਸਹਿਮ ਗਈ। ਫਿਰ ਮੈਡਮ ਨੇ ਉਸ ਨੂੰ ਆਪਣੀ ਜਗ੍ਹਾ ਬੈਠਣ ਲਈ ਕਿਹਾ ਤੇ ਦੰਦਾਂ ਦੀ ਸਾਫ਼ ਸਫ਼ਾਈ ਪ੍ਰਤੀ ਕੁਝ ਹੋਰ ਗੱਲਾਂ ਸਭ ਬੱਚਿਆਂ ਨੂੰ ਸਮਝਾਉਣ ਲੱਗੇ। ਇਸ ਦੌਰਾਨ ਚਿੰਕੀ ਮੈਡਮ ਕੋਲ ਆਈ ਤੇ ਆਪਣੇ ਬਸਤੇ ਵਿੱਚ ਬਚੀਆਂ ਬਾਕੀ ਚਾਕਲੇਟ ਤੇ ਕੁਝ ਟੌਫ਼ੀਆਂ ਉਨ੍ਹਾਂ ਦੇ ਟੇਬਲ ’ਤੇ ਰੱਖ ਕੇ ਬੋਲੀ, ‘‘ਮੈਡਮ, ਮੈਂ ਅੱਜ ਤੋਂ ਬਾਅਦ ਕਦੇ ਵੀ ਚਾਕਲੇਟ ਨਹੀਂ ਖਾਵਾਂਗੀ।’’ ਮੈਡਮ ਨੇ ਉਸ ਨੂੰ ਪਿਆਰ ਕੀਤਾ ਤੇ ਅਗਲਾ ਪੀਰੀਅਡ ਲੈਣ ਲਈ ਦੂਜੀ ਕਲਾਸ ਵਿੱਚ ਚਲੇ ਗਏ।
ਛੁੱਟੀਆਂ ਤੋਂ ਬਾਅਦ ਜਦੋਂ ਚਿੰਕੀ ਸਕੂਲ ਆਈ ਤਾਂ ਉਹ ਸਭ ਸਹੇਲੀਆਂ ਨੂੰ ਮਿਲੀ। ਕਾਫ਼ੀ ਦਿਨਾਂ ਬਾਅਦ ਮਿਲਣ ਕਾਰਨ ਸਭ ਖੂਬ ਗੱਲਾਂ ਕਰ ਰਹੀਆਂ ਸਨ। ਚਿੰਕੀ ਖਿੜਖਿੜਾ ਕੇ ਹੱਸ ਰਹੀ ਸੀ। ਤਦੇ ਮੈਡਮ ਕਮਰੇ ਅੰਦਰ ਆਏ ਤੇ ਚਿੰਕੀ ਵੱਲ ਵੇਖ ਕੇ ਉੱਚੀ ਆਵਾਜ਼ ਵਿੱਚ ਬੋਲੇ, ‘‘ਚਿੰਕੀ, ਏਧਰ ਆ ਤਾਂ…।’’
ਕਲਾਸ ਵਿੱਚ ਸੰਨਾਟਾ ਛਾ ਗਿਆ। ਸਾਰੇ ਬੱਚੇ ਸੋਚ ਰਹੇ ਸੀ ਕਿ ਹੁਣ ਚਿੰਕੀ ਦੀ ਖ਼ੈਰ ਨਹੀਂ। ਚਿੰਕੀ ਵੀ ਘਬਰਾਈ ਜਿਹੀ ਅਧਿਆਪਕਾ ਕੋਲ ਆਈ। ਅਧਿਆਪਕਾ ਨੇ ਚਿੰਕੀ ਨੂੰ ਸਵਾਲ ਕੀਤਾ, ‘‘ਚਿੰਕੀ, ਤੂੰ ਜਿਹੜੇ ਮੋਤੀ ਛੁਪਾਏ ਨੇ ਵਿਖਾ ਤਾਂ…।’’
‘‘ਮੋਤੀ…ਜੀ ਮੈਂ ਤਾਂ ਕੋਈ ਮੋਤੀ ਨਹੀਂ ਛੁਪਾਏ…।’’ ਚਿੰਕੀ ਇਕਦਮ ਹੋਰ ਡਰ ਗਈ। ਉਸ ਨੂੰ ਲੱਗਾ ਜਿਵੇਂ ਮੈਡਮ ਉਸ ’ਤੇ ਕੋਈ ਇਲਜ਼ਾਮ ਲਗਾ ਰਹੇ ਹਨ। ਮੈਡਮ ਜ਼ੋਰ ਦੀ ਹੱਸ ਪਏ ਤੇ ਫਿਰ ਚਿੰਕੀ ਦੀ ਠੋਢੀ ਫੜ੍ਹ ਕੇ ਉਸ ਨੂੰ ਪਿਆਰ ਨਾਲ ਆਖਣ ਲੱਗੇ, ‘‘ਤੂੰ ਜਦੋਂ ਸਹੇਲੀਆਂ ਨਾਲ ਖਿੜਖਿੜਾ ਕੇ ਹੱਸ ਰਹੀ ਸੀ ਤਾਂ ਤੇਰੇ ਦੰਦ ਮੋਤੀਆਂ ਵਾਂਗ ਚਮਕ ਰਹੇ ਸਨ। ਤੇ ਹੁਣ ਜਦੋਂ ਮੈਂ ਤੈਨੂੰ ਕੋਲ ਬੁਲਾਇਆ ਤਾਂ ਤੂੰ ਚੁੱਪ ਕਰਕੇ ਮੂੰਹ ਬੰਦ ਕਰ ਲਿਆ ਤੇ ਮੋਤੀ ਛੁਪਾ ਲਏ।’’ ਮੈਡਮ ਦੀ ਗੱਲ ਦਾ ਅਸਲ ਮਤਲਬ ਸਮਝਦਿਆਂ ਹੀ ਚਿੰਕੀ ਤੇ ਕਲਾਸ ਦੇ ਸਾਰੇ ਬੱਚੇ ਖਿੜਖਿੜਾ ਕੇ ਹੱਸਣ ਲੱਗੇ। ਚਿੰਕੀ ਨੇ ਮੈਡਮ ਨੂੰ ਦੱਸਿਆ ਕਿ ਉਹ ਰੋਜ਼ਾਨਾ ਦੰਦਾਂ ਦੀ ਸਫ਼ਾਈ ਦਾ ਪੂਰਾ ਖ਼ਿਆਲ ਰੱਖਦੀ ਹੈ ਤੇ ਸਵੇਰੇ ਸ਼ਾਮ ਬੁਰਸ਼ ਕਰਦੀ ਹੈ। ਉਸ ਨੇ ਚਾਕਲੇਟ ਖਾਣਾ ਬਿਲਕੁਲ ਛੱਡ ਦਿੱਤਾ ਹੈ। ਮੈਡਮ ਨੇ ਉਸ ਨੂੰ ਸ਼ਾਬਾਸ਼ ਦਿੰਦਿਆਂ ਛਾਤੀ ਨਾਲ ਲਗਾ ਲਿਆ।