ਨਿਊਯਾਰਕ, 25 ਜੁਲਾਈ
ਸੋਸ਼ਲ ਮੀਡੀਆ ਪਲੈਟਫਾਰਮ ‘ਟਵਿੱਟਰ’ ਹੁਣ ਆਪਣੇ ਲੋਗੋ ਲਈ ਪ੍ਰਸਿੱਧ ‘ਨੀਲੀ ਚਿੜੀ’ ਦੀ ਥਾਂ ਅੰਗਰੇਜ਼ੀ ਦੇ ‘ਐਕਸ’ ਅੱਖਰ ਦਾ ਇਸਤੇਮਾਲ ਕਰੇਗਾ। ਉਦਯੋਗਪਤੀ ਐਲਨ ਮਸਕ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮਸਕ ਨੇ ਪਿਛਲੇ ਸਾਲ 44 ਅਰਬ ਡਾਲਰ ਵਿਚ ਟਵਿੱਟਰ ਨੂੰ ਖ਼ਰੀਦਿਆ ਸੀ। ਉਸ ਤੋਂ ਬਾਅਦ ਉਨ੍ਹਾਂ ਸਾਈਟ ਵਿਚ ਕਈ ਬਦਲਾਅ ਕੀਤੇ ਹਨ। ਮਸਕ ਨੇ ਐਤਵਾਰ ਦੇਰ ਰਾਤ ਟਵੀਟ ਕਰ ਕੇ ਦੱਸਿਆ ਕਿ ਉਹ ਲੋਗੋ ਵਿਚ ਬਦਲਾਅ ਸੋਮਵਾਰ ਨੂੰ ਹੀ ਕਰਨਾ ਚਾਹੁੰਦੇ ਹਨ। ਮਸਕ ਨੇ ਲਿਖਿਆ, ‘ਤੇ ਜਲਦੀ ਹੀ ਅਸੀਂ ਟਵਿੱਟਰ ਬਰਾਂਡ ਤੇ ਸਾਰੀਆਂ ਚਿੜੀਆਂ ਨੂੰ ਅਲਵਿਦਾ ਕਹਿ ਦਿਆਂਗੇ।’ ਮਸਕ ਨੇ ਨਵੇਂ ਲੋਗੋ ਵਜੋਂ ਚਿੱਟੇ ਰੰਗ ਦੀ ਐਕਸ ਲਾਂਚ ਕੀਤੀ ਹੈ ਜਿਸ ਦੇ ਪਿਛਲੇ ਹਿੱਸੇ ਨੂੰ ਕਾਲਾ ਰੱਖਿਆ ਗਿਆ ਹੈ। ਉਨ੍ਹਾਂ ਇਸ ਡਿਜ਼ਾਈਨ ਦੀ ਫੋਟੋ ਨੂੰ ਟਵਿੱਟਰ ਦੇ ਸਾਂ ਫਰਾਂਸਿਸਕੋ ਸਥਿਤ ਹੈੱਡਕੁਆਰਟਰ ਉਤੇ ਪ੍ਰਾਜੈਕਟਰ ’ਤੇ ਵੀ ਪੋਸਟ ਕੀਤਾ ਹੈ। ‘ਐਕਸ’ ਲੋਗੋ ਟਵਿੱਟਰ ਦੇ ਡੈਸਕਟੌਪ ਸਰੂਪ ਉਤੇ ਚੱਲਣਾ ਸ਼ੁਰੂ ਹੋ ਗਿਆ ਹੈ ਪਰ ਫੋਨ ਐਪ ਉਤੇ ਅਜੇ ‘ਬਲੂ ਬਰਡ’ ਹੀ ਨਜ਼ਰ ਆ ਰਿਹਾ ਹੈ। ਐਕਸ ਡਾਟ ਕੌਮ ਵੈੱਬ ਡੋਮੇਨ ਹੁਣ ਵਰਤੋਂਕਾਰਾਂ ਨੂੰ ਟਵਿੱਟਰ ਡਾਟ ਕਾਮ ਉਤੇ ਲਿਜਾ ਰਿਹਾ ਹੈ। ਮਸਕ ਨੇ ਕਿਹਾ ਕਿ ਜਦ ਇਸ ਬਰਾਂਡ ਨੂੰ ਪੂਰੀ ਤਰ੍ਹਾਂ ਨਵਾਂ ਰੂਪ ਦੇ ਦਿੱਤਾ ਜਾਵੇਗਾ ਤਾਂ ਟਵੀਟ, ‘ਐਕਸਿਜ਼’ ਵਜੋਂ ਜਾਣੇ ਜਾਣਗੇ। ਜ਼ਿਕਰਯੋਗ ਹੈ ਕਿ ਟੈਸਲਾ ਦੇ ਸੀਈਓ ਮਸਕ ਦਾ ‘ਐਕਸ’ ਅੱਖਰ ਨਾਲ ਮੋਹ ਲੰਮੇ ਸਮੇਂ ਤੋਂ ਕਾਇਮ ਹੈ। ਉਨ੍ਹਾਂ ਦੀ ਰਾਕੇਟ ਕੰਪਨੀ ਦਾ ਨਾਂ ‘ਸਪੇਸ ਐਕਸ’ ਹੈ। ਸੰਨ 1999 ਵਿਚ ਮਸਕ ਨੇ ਇਕ ਸਟਾਰਟ-ਅਪ ਐਕਸ ਡਾਟ ਕਾਮ ਲਾਂਚ ਕੀਤਾ ਸੀ ਜਿਸ ਨੂੰ ਹੁਣ ‘ਪੇਅਪਲ’ ਕਿਹਾ ਜਾਂਦਾ ਹੈ ਜੋ ਕਿ ਇਕ ਆਨਲਾਈਨ ਵਿੱਤੀ ਸੇਵਾਵਾਂ ਮੁਹੱਈਆ ਕਰਾਉਣ ਵਾਲੀ ਕੰਪਨੀ ਹੈ।