ਓਟਵਾ, 4 ਮਾਰਚ : ਚਾਰਾਂ ਵਿੱਚੋਂ ਇੱਕ ਕੈਨੇਡੀਅਨ ਦਾ ਕਹਿਣਾ ਹੈ ਕਿ ਐਸਐਨਸੀ-ਲਾਵਾਲਿਨ ਮਾਮਲੇ ਕਾਰਨ ਅਗਲੀਆਂ ਫੈਡਰਲ ਚੋਣਾਂ ਵਿੱਚ ਉਨ੍ਹਾਂ ਦੀ ਵੋਟ ਪ੍ਰਭਾਵਿਤ ਹੋਵੇਗੀ। ਨਵੇਂ ਨੈਨੋਜ਼ ਸਰਵੇਖਣ ਅਨੁਸਾਰ ਇਸ ਵਾਰੀ ਵੱਡਾ ਉਲਟਫੇਰ ਹੋਣ ਦੀ ਸੰਭਾਵਨਾ ਹੈ। 
ਬੁੱਧਵਾਰ ਨੂੰ ਜੋਡੀ ਵਿਲਸਨ ਰੇਅਬੋਲਡ ਵੱਲੋਂ ਦਿੱਤੀ ਗਈ ਗਵਾਹੀ ਵਿੱਚ ਉੱਚ ਸਰਕਾਰੀ ਅਧਿਕਾਰੀਆਂ ਉੱਤੇ ਇਹ ਦੋਸ਼ ਲਾਏ ਗਏ ਸਨ ਕਿ ਐਸਐਨਸੀ-ਲਾਵਾਲਿਨ ਖਿਲਾਫ ਕਾਨੂੰਨੀ ਕਾਰਵਾਈ ਰੋਕਣ ਲਈ ਉਸ ਉੱਤੇ ਦਬਾਅ ਪਾਇਆ ਗਿਆ ਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਗਵਾਹੀ ਤੋਂ ਪਹਿਲਾਂ 17 ਫੀ ਸਦੀ ਕੈਨੇਡੀਅਨਾਂ ਨੇ ਆਖਿਆ ਸੀ ਕਿ ਉਹ 2019 ਦੀਆਂ ਚੋਣਾਂ ਦੌਰਾਨ ਵੋਟ ਕਰਨ ਸਮੇਂ ਇਸ ਮੁੱਦੇ ਨੂੰ ਧਿਆਨ ਵਿੱਚ ਰੱਖ ਕੇ ਹੀ ਵੋਟ ਕਰਨਗੇ। 
ਪਰ ਇਸ ਸੁਣਵਾਈ ਤੋਂ ਦੋ ਦਿਨ ਬਾਅਦ ਅਜਿਹੀ ਸੋਚ ਰੱਖਣ ਵਾਲੇ ਵੋਟਰਾਂ ਦੀ ਗਿਣਤੀ ਵਿੱਚ 10 ਫੀ ਸਦੀ ਇਜਾਫਾ ਹੋਇਆ ਤੇ ਅਜਿਹਾ ਸੋਚਣ ਵਾਲਿਆਂ ਦੀ ਗਿਣਤੀ 26 ਫੀ ਸਦੀ ਤੱਕ ਅੱਪੜ ਗਈ। ਪ੍ਰੇਰੀਜ਼ ਵਿੱਚ ਰਹਿਣ ਵਾਲੇ 27 ਫੀ ਸਦੀ ਵੋਟਰ, ਐਟਲਾਂਟਿਕ ਕੈਨੇਡਾ ਦੇ ਹੋਰ 10 ਫੀ ਸਦੀ ਵੋਟਰ, ਓਨਟਾਰੀਓ ਵਿਚਲੇ ਅੱਠ ਫੀ ਸਦੀ ਵੋਟਰ, ਬੀਸੀ ਦੇ 25 ਫੀ ਸਦੀ ਵੋਟਰਾਂ ਨੇ ਆਖਿਆ ਕਿ ਵੋਟ ਕਰਦੇ ਸਮੇਂ ਐਸਐਨਸੀ-ਲਾਵਾਲਿਨ ਮਾਮਲਾ ਉਨ੍ਹਾਂ ਦੀ ਵੋਟ ਨੂੰ ਪ੍ਰਭਾਵਿਤ ਕਰੇਗਾ। 
ਇਸ ਤੋਂ ਇਲਾਵਾ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਕੈਨੇਡੀਅਨ ਕਿਸ ਪਾਰਟੀ ਨੂੰ ਵਧੇਰੇ ਇਖਲਾਕੀ ਮੰਨਦੇ ਹਨ। 34 ਫੀ ਸਦੀ ਦਾ ਮੰਨਣਾ ਹੈ ਕਿ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਵਧੇਰੇ ਇਖਲਾਕੀ ਹੈ ਜਦਕਿ 34 ਫੀ ਸਦੀ ਦਾ ਹੀ ਮੰਨਣਾ ਹੈ ਕਿ ਐਂਡਰਿਊ ਸ਼ੀਅਰ ਦੀ ਕੰਜ਼ਰਵੇਟਿਵ ਪਾਰਟੀ ਵਧੇਰੇ ਇਖਲਾਕੀ ਹੈ, 32 ਫੀ ਸਦੀ ਵੋਟਰਾਂ ਨੇ ਆਖਿਆ ਕਿ ਉਨ੍ਹਾਂ ਨੂੰ ਅਜੇ ਇਸ ਗੱਲ ਦਾ ਪੱਕਾ ਪਤਾ ਨਹੀਂ ਹੈ ਕਿ ਕਿਹੜੀ ਪਾਰਟੀ ਵਧੇਰੇ ਇਖਲਾਕੀ ਹੈ।
ਸਰਵੇਖਣ ਅਨੁਸਾਰ ਇਸ ਪਲ ਵਿੱਚ ਐਲਿਜ਼ਾਬੈੱਥ ਮੇਅ ਦੀ ਗ੍ਰੀਨ ਪਾਰਟੀ ਨੂੰ ਕੈਨੇਡਾ ਦੀ ਸੱਭ ਤੋਂ ਵੱਧ ਇਖਲਾਕੀ ਪਾਰਟੀ ਦੱਸਿਆ ਜਾ ਰਿਹਾ ਹੈ। 28 ਫੀ ਸਦੀ ਕੈਨੇਡੀਅਨਾਂ ਨੇ ਇਹ ਆਖਿਆ ਹੈ ਕਿ ਗ੍ਰੀਨ ਪਾਰਟੀ ਵਧੇਰੇ ਇਖਲਾਕੀ ਹੈ। ਗ੍ਰੀਨਜ਼ ਤੋਂ ਬਾਅਦ ਕੰਜ਼ਰਵੇਟਿਵਾਂ ਨੂੰ 21 ਫੀ ਸਦੀ ਕੈਨੇਡੀਅਨ ਵਧੇਰੇ ਇਖਲਾਕੀ ਪਾਰਟੀ ਮੰਨਦੇ ਹਨ। ਇਸ ਮਾਮਲੇ ਵਿੱਚ ਐਨਡੀਪੀ ਨੂੰ 11 ਫੀ ਸਦੀ ਤੇ ਲਿਬਰਲਾਂ ਨੂੰ 10 ਫੀ ਸਦੀ ਕੈਨੇਡੀਅਨ ਇਖਲਾਕੀ ਮੰਨਦੇ ਹਨ। ਤਿੰਨ ਫੀ ਸਦੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਮੈਕਸਿਮ ਬਰਨੀਅਰ ਦੀ ਪੀਪਲਜ਼ ਪਾਰਟੀ ਆਫ ਕੈਨੇਡਾ ਤੇ ਦੋ ਫੀ ਸਦੀ ਦਾ ਮੰਨਣਾ ਹੈ ਕਿ ਬਲਾਕ ਕਿਊਬਿਕੌਇਸ ਵਧੇਰੇ ਇਖਲਾਕੀ ਹਨ। 14 ਫੀ ਸਦੀ ਕੈਨੇਡੀਅਨਾਂ ਨੂੰ ਲੱਗਦਾ ਹੈ ਕਿ ਕੋਈ ਪਾਰਟੀ ਇਖਲਾਕੀ ਨਹੀਂ ਹੈ ਜਦਕਿ 11 ਫੀ ਸਦੀ ਦੀ ਇਸ ਬਾਰੇ ਕੋਈ ਰਾਇ ਨਹੀਂ ਹੈ।