ਲੁਧਿਆਣਾ : ਚਾਈਨਾ ਡੋਰ ਆਮ ਲੋਕਾਂ ਦੀ ਜਾਨ ਲਈ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ। ਚਾਈਨਾ ਡੋਰ ਖਿਲਾਫ ਪੁਲਿਸ ਦੀ ਸਖਤੀ ਦੇ ਬਾਵਜੂਦ ਲੋਕ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਗੁਰੇਜ ਕਰਦੇ ਨਹੀਂ ਜਾਪ ਰਹੇ ਤਾਜ਼ਾ ਜਾਣਕਾਰੀ ਅਨੁਸਾਰ ਚਾਈਨਾ ਡੋਰ ਨੇ ਅੱਜ ਮਾਪਿਆਂ ਦਾ ਇਕਲੌਤਾ ਪੁੱਤ ਖੋਹ ਲਿਆ।
ਲੁਧਿਆਣਾ ਵਿੱਚ ਸ਼ਨੀਵਾਰ ਨੂੰ ਇੱਕ ਵਿਦਿਆਰਥੀ ਦੀ ਚਾਈਨਾ ਡੋਰ ਨਾਲ ਗਲਾ ਵੱਢੇ ਜਾਣ ਕਾਰਨ ਮੌਤ ਹੋ ਗਈ। ਇਹ ਮ੍ਰਿਤਕ ਬੱਚਾ ਜਿਸ ਦੀ ਪਛਾਣ ਤਰਨਜੋਤ ਸਿੰਘ ਵਾਸੀ ਪਿੰਡ ਰੋਹਲੇ ਵੱਜੋਂ ਹੋਈ ਹੈ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਤਰਨਜੋਤ ਦਾ ਪਿਛਲੇ ਮਹੀਨੇ 13 ਦਸੰਬਰ ਨੂੰ ਜਨਮਦਿਨ ਸੀ।
ਮਿਲੀ ਜਾਣਕਾਰੀ ਅਨੁਸਾਰ ਤਰਨਜੋਤ ਸਿੰਘ ਆਪਣੇ ਤਾਏ ਦੇ ਪੁੱਤਰ ਪ੍ਰਭਜੋਤ ਸਿੰਘ ਨਾਲ ਸਵੇਰੇ 9 ਵਜੇ ਸਕੂਲ ਪ੍ਰੀ-ਬੋਰਡ ਪ੍ਰੀਖਿਆ ਦੇਣ ਲਈ ਗਿਆ ਸੀ। ਉਨ੍ਹਾਂ ਨੂੰ ਦੁਪਹਿਰ 2 ਵਜੇ ਛੁੱਟੀ ਹੋਈ। ਇਸ ਤੋਂ ਬਾਅਦ, ਉਹ ਘਰ ਵਾਪਸ ਆ ਰਹੇ ਸਨ।ਮੋਟਰਸਾਈਕਲ ‘ਤੇ ਸਕੂਲ ਤੋਂ ਘਰ ਵਾਪਸ ਆਉਂਦੇ ਸਮੇ ਅਚਾਨਕ ਉਨ੍ਹਾਂ ਦੇ ਅੱਗੇ ਇੱਕ ਚਾਈਨਾ ਡੋਰ ਆ ਗਈ। ਪ੍ਰਭਜੋਤ ਨੇ ਬ੍ਰੇਕ ਵੀ ਲਗਾਈ, ਪਰ ਚਾਈਨਾ ਡੋਰ ਫਿਰ ਵੀ ਤਰਨਜੋਤ ਦੀ ਗਰਦਨ ਕੱਟਦੀ ਰਹੀ।
ਇਸ ਤੋਂ ਬਾਅਦ ਖੂਨ ਨਾਲ ਲੱਥਪੱਥ ਤਰਨਜੋਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਘਟਨਾ ਚ ਮੋਟਰ ਸਾਈਕਲ ਚਲਾ ਰਹੇ ਪ੍ਰਭਜੋਤ ਦੇ ਹੱਥ ‘ਤੇ ਵੀ ਸੱਟ ਲੱਗੀ ਹੈ।ਫਿਲਹਾਲ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ। ਇਸ ਘਟਨਾ ਤੋਂ ਪਰਿਵਾਰ ਅਤੇ ਪਿੰਡ ਵਾਸੀ ਗੁੱਸੇ ਵਿੱਚ ਹਨ ਅਤੇ ਉਨ੍ਹਾਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ‘ਤੇ ਧਰਨਾ ਦਿੱਤਾ ਹੈ।














