ਮਾਨਸਾ, 15 ਜੁਲਾਈ
ਇਸ ਜ਼ਿਲ੍ਹੇ ਦੇ ਚਾਂਦਪੁਰਾ ਤੇ ਰੋੜਕੀ ਬੰਨ੍ਹ ਅੱਜ ਟੁੱਟ ਗਏ ਹਨ ਜਿਸ ਕਾਰਨ ਨੇੜਲੇ ਪਿੰਡਾਂ ਵਿਚ ਸਹਿਮ ਫੈਲ ਗਿਆ ਹੈ। ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਚਾਂਦਪੁਰਾ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਦਿਨ ਰਾਤ ਪਹਿਰੇਦਾਰੀ ਕਰ ਰਹੀਆਂ ਸਨ, ਉਸ ਦੇ ਅੱਜ ਵੱਡੇ ਤੜਕੇ ਟੁੱਟਣ ਦੀ ਜਾਣਕਾਰੀ ਮਿਲੀ ਹੈ। ਇਸ ਬੰਨ੍ਹ ਦੇ ਮਾਨਸਾ ਵਾਲੇ ਪਾਸੇ ਟੁੱਟਣ ਨਾਲ ਇਸ ਜ਼ਿਲ੍ਹੇ ਦੇ ਤਿੰਨ ਦਰਜਨ ਤੋਂ ਵੱਧ ਪਿੰਡ ਪ੍ਰਭਾਵਿਤ ਹੋਣ ਦਾ ਖਦਸ਼ਾ ਬਣ ਗਿਆ ਹੈ। ਬੰਨ੍ਹ ਟੁੱਟਣ ਦੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਬੁਢਲਾਡਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵਲੋਂ ਕੀਤੀ ਗਈ ਹੈ। ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਇਲਾਕੇ ਵਿੱਚ ਘੱਗਰ ਦਰਿਆ ਰੋੜਕੀ ਪਿੰਡ ਕੋਲੋਂ ਟੁੱਟ ਗਿਆ ਹੈ। ਇਸ ਦੀ ਪੁਸ਼ਟੀ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਸ਼ਹਿਰ ਨੂੰ ਪਾਣੀ ਦੀ ਲਪੇਟ ਤੋਂ ਬਚਾਉਣ ਲਈ ਉਪਰਾਲੇ ਆਰੰਭ ਕਰ ਦਿੱਤੇ ਗਏ ਹਨ ਅਤੇ ਪਾਣੀ ਸ਼ਹਿਰ ਵਾਲੇ ਪਾਸੇ ਨਾ ਜਾਵੇ, ਇਸ ਲਈ ਨਵੇਂ ਸਿਰਿਉਂ ਇੱਕ ਹੋਰ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।