ਬਾਲ ਕਹਾਣੀ

ਨੰਨੂ ਤੀਜੀ ਜਮਾਤ ਵਿਚ ਸੀ। ਉਸ ਦੇ ਅਧਿਆਪਕ ਉਸ ਨੂੰ ਔਨਲਾਈਨ ਕਲਾਸਾਂ ਪੜ੍ਹਾ ਰਹੇ ਸਨ। ਉਨ੍ਹਾਂ ਦੇ ਘਰ ਦੀ ਕੰਧ ’ਤੇ ਇਕ ਵੱਡੀ ਘੜੀ ਲੱਗੀ ਹੋਈ ਸੀ। ਹੈ ਤਾਂ ਭਾਵੇਂ ਉਹ ਟਾਈਮਪੀਸ ਸੀ, ਪਰ ਉਸ ਦੀ ਸ਼ਕਲ ਘੜੀ ਵਾਂਗ ਸੀ। ਨੰਨੂ ਘੜੀ ਵੱਲ ਧਿਆਨ ਰੱਖਦਾ। ਜਦੋਂ ਗਿਆਰਾਂ ਵੱਜਣ ਵਿਚ ਪੰਜ ਮਿੰਟ ਰਹਿ ਜਾਂਦੇ ਤਾਂ ਉਹ ਆਪਣੇ ਦੀਦੀ ਸਿਮਰਨ ਕੋਲ ਆ ਬਹਿੰਦਾ। ਸਿਮਰਨ ਉਸ ਨੂੰ ਅਧਿਆਪਕਾਂ ਵੱਲੋਂ ਭੇਜਿਆ ਲਿੰਕ ਖੋਲ੍ਹਣਾ ਸਿਖਾਉਂਦੀ। ਫਿਰ ਉਸਦੇ ਅਧਿਆਪਕ ਗਿਆਰਾਂ ਵਜੇ ਤਕ ਆਪੋ-ਆਪਣੇ ਵਿਸ਼ੇ ਪੜ੍ਹਾਉਂਦੇ ਰਹਿੰਦੇ। ਹੁਣ ਨੰਨੂ ਨੂੰ ਖ਼ੁਦ ਔਨਲਾਈਨ ਕਲਾਸ-ਵਿਧੀ ਨਾਲ ਜੁੜਨ ਦਾ ਢੰਗ ਆ ਗਿਆ ਸੀ।

ਇਕ ਦਿਨ ਨੰਨੂ ਨੇ ਘੜੀ ਵੱਲ ਨਜ਼ਰ ਮਾਰੀ। ਘੜੀ ਦੀਆਂ ਦੋਵੇਂ ਛੋਟੀਆਂ ਸੂਈਆਂ ਤਾਂ ਚੱਲ ਹੀ ਨਹੀਂ ਰਹੀਆਂ ਸਨ।

‘ਇਹ ਕੀ ਹੋ ਗਿਆ ਏ ਘੜੀ ਨੂੰ?’ ਨੰਨੂ ਨੇ ਸੋਚਿਆ। ਉਸ ਨੇ ਦੀਦੀ ਨਾਲ ਗੱਲ ਕੀਤੀ। ਦੀਦੀ ਨੇ ਨਵਾਂ ਸੈਲ ਪਾਇਆ, ਪਰ ਫਿਰ ਵੀ ਗੱਲ ਨਾ ਬਣੀ। ਜਦੋਂ ਉਹ ਅੰਦਾਜ਼ੇ ਨਾਲ ਔਨਲਾਈਨ ਕਲਾਸ-ਵਿਧੀ ਨਾਲ ਜੁੜਿਆ ਤਾਂ ਕਾਫ਼ੀ ਸਮਾਂ ਲੰਘ ਚੁੱਕਾ ਸੀ, ਪੰਜਾਬੀ ਵਾਲੇ ਨਵਪ੍ਰੀਤ ਮੈਡਮ ਦੂਜੇ ਪਾਠ ਦੇ ਸਵਾਲ ਕਰਵਾ ਰਹੇ ਸਨ।

ਨੰਨੂ ਪ੍ਰੇਸ਼ਾਨ ਹੋ ਗਿਆ। ਉਸਨੂੰ ਘੜੀ ’ਤੇ ਗੁੱਸਾ ਆਇਆ ਜਿਸ ਨੇ ਉਸ ਨੂੰ ਧੋਖਾ ਦਿੱਤਾ ਸੀ। ਔਨਲਾਈਨ ਕਲਾਸਾਂ ਦਾ ਸਮਾਂ ਖ਼ਤਮ ਹੋਇਆ ਤਾਂ ਨੰਨੂ ਨੇ ਮੰਮੀ ਨੂੰ ਕਿਹਾ,‘ਮੰਮਾ, ਮੈਂ ਇਸ ਘੜੀ ਨੂੰ ਕੱਲ੍ਹ ਕੂੜਾ ਚੁੱਕਣ ਵਾਲਿਆਂ ਦੀ ਗੱਡੀ ਵਿਚ ਸੁੱਟ ਦੇਵਾਂਗਾ। ਇਹ ਖ਼ਰਾਬ ਹੋ ਗਈ ਏ।’ ਉਸ ਨੇ ਮੰਮੀ ਨੂੰ ਕਿਹਾ। ਮੰਮੀ ਨੇ ਧਰਵਾਸ ਦਿੱਤਾ ਕਿ ਉਹ ਕੱਲ੍ਹ ਪਾਪਾ ਨਾਲ ਜਾ ਕੇ ਬਾਜ਼ਾਰੋਂ ਨਵੀਂ ਘੜੀ ਲੈ ਆਉਣਗੇ।

ਅਸਲ ਵਿਚ ਗੱਲ ਕੁਝ ਹੋਰ ਹੀ ਸੀ। ਨਿੱਕੇ ਨੰਨੂ ਨੂੰ ਉਹ ਭੇਦ ਸਮਝ ਨਹੀਂ ਸੀ ਆ ਰਿਹਾ। ਘੜੀ ਦੀਆਂ ਦੋਵੇਂ ਛੋਟੀਆਂ ਸੂਈਆਂ ਨੇ ਆਪਸ ਵਿਚ ਗਿਟ-ਮਿਟ ਕੀਤੀ। ਦੋਵੇਂ ਬਿਫਰ ਗਈਆਂ ਸਨ। ਜਦੋਂ ਵੱਡੀ ਸੂਈ ਉਨ੍ਹਾਂ ਉਪਰੋਂ ਦੀ ਲੰਘ ਕੇ ਅੱਗੇ ਵਧਣ ਲੱਗੀ ਤਾਂ ਘੰਟਿਆਂ ਵਾਲੀ ਜਾਣੀ ਸਭ ਤੋਂ ਛੋਟੀ ਸੂਈ ਨੇ ਵਿਚਕਾਰਲੀ ਸੂਈ ਦੇ ਕੰਨ ਵਿਚ ਕਿਹਾ, ‘ਭੈਣੇ, ਸਕਿੰਟਾਂ ਦੀ ਹੈਂਕੜ ਭੰਨਣੀ ਏ ਆਪਾਂ। ਹਮੇਸ਼ਾਂ ਸਾਡੇ ਉੱਪਰੋਂ ਦੀ ਲੰਘ ਜਾਂਦੀ ਏ। ਉਸਨੂੰ ਆਪਣੇ ਤੋਂ ਤੇਜ਼ ਚੱਲਣ ਦਾ ਘਮੰਡ ਏ। ਆਪਾਂ ਉਸਦੀ ਕੀਮਤ ਸਿਫ਼ਰ ਕਰ ਕੇ ਰੱਖ ਦੇਣੀ ਏ। ਸਮਝਦੀ ਕੀ ਏ ਆਪਣੇ ਆਪ ਨੂੰ ?’

ਮਿੰਟਾਂ ਵਾਲੀ ਸੂਈ ਉਸ ਦੀਆਂ ਗੱਲਾਂ ਵਿਚ ਆ ਗਈ। ਉਸਨੂੰ ਪੁੱਛਣ ਲੱਗੀ, ‘ਭੈਣੇ ਪਰਵਾਹ ਨਾ ਕਰ। ਤੇਰੇ ਨਾਲ ਹਾਂ, ਪਰ ਆਪਾਂ ਉਸਨੂੰ ਸਿਫ਼ਰ ਕਿਵੇਂ ਕਰ ਸਕਦੇ ਹਾਂ?’

‘ਤੂੰ ਬੜੀ ਭੋਲੀ ਏਂ..।’ ਸਭ ਤੋਂ ਛੋਟੀ ਸੂਈ ਨੇ ਕਿਹਾ, ‘ਜਦੋਂ ਅਸੀਂ ਦੋਵੇਂ ਅੱਗੇ ਹੀ ਨਹੀਂ ਤੁਰਾਂਗੀਆਂ ਤਾਂ ਉਸਦੇ ਇਕੱਲੇ ਦੌੜਨ ਦਾ ਕੀ ਮੁੱਲ ਰਹਿ ਜਾਵੇਗਾ? ਸਮਾਂ ਤਾਂ ਆਪਾਂ ਦੋਵਾਂ ਨੇ ਈ ਦੱਸਣਾ ਹੁੰਦਾ ਏ ਕਿ ਕਿੰਨੇ ਵੱਜ ਕੇ ਕਿੰਨੇ ਮਿੰਟ ਹੋਏ ਨੇ ? ਸਕਿੰਟਾਂ ਨੂੰ ਕੌਣ ਪੁੱਛਦੈ?’

ਏਨੇ ਨੂੰ ਸਕਿੰਟ ਵਾਲੀ ਸੂਈ ਫਿਰ ਚੱਕਰ ਕੱਟ ਕੇ ਉਨ੍ਹਾਂ ਕੋਲ ਆ ਗਈ। ਜਦੋਂ ਉਹ ਆਪਣਾ ਅਗਲਾ ਚੱਕਰ ਲਾਉਣ ਲੱਗੀ ਤਾਂ ਉਸਨੂੰ ਕੁਝ ਸ਼ੱਕ ਜਿਹਾ ਹੋਇਆ। ਦੋਵਾਂ ਨੇ ਉਸਨੂੰ ਵੇਖ ਕੇ ਮੂੰਹ ਪਾਸੇ ਕਰ ਲਏ।

ਅਗਲੀ ਵਾਰੀ ਚੱਕਰ ਕੱਟ ਕੇ ਮੁੜ ਅੱਗੇ ਵਧਣ ਲੱਗੀ ਤਾਂ ਉਸਦੇ ਕੰਨ ਵਿਚ ਛੋਟੀ ਸੂਈ ਦੀ ਆਵਾਜ਼ ਆਈ, ‘ਨਖ਼ਰਾ ਤਾਂ ਦੇਖ। ਕਿਵੇਂ ਦੌੜੀ ਜਾਂਦੀ ਏ ਜਿਵੇਂ ਕੋਈ ਮਗਰ ਪਿਆ ਹੁੰਦੈ।’

‘ਲੱਗਦੈ ਚਾਰ ਸੌ ਮੀਟਰ ਦੀ ਰੇਸ ਲਾ ਰਹੀ ਏ। ਪਤਾ ਨਹੀਂ ਨੰਨੂ ਨੇ ਕਿਹੜੀ ਸ਼ੀਲਡ ਦੇ ਦੇਣੀ ਏ ਇਸਨੂੰ..। ਘਮੰਡਣ।’ ਵਿਚਕਾਰਲੀ ਸੂਈ ਨੇ ਉਸ ਨੂੰ ਜਾਣ ਬੁੱਝ ਕੇ ਸੁਣਾ ਕੇ ਕਿਹਾ।

ਸਕਿੰਟ ਵਾਲੀ ਸੂਈ ਦੇ ਕੰਨੀਂ ਸਭ ਕੁਝ ਪੈ ਰਿਹਾ ਸੀ, ਪਰ ਉਹ ਚੱਲਣੋਂ ਨਾ ਰੁਕੀ। ਉਹ ਆਪਣੀ ਰਫ਼ਤਾਰ ਵਿਚ ਜਾਂਦੀ ਹੋਈ ਉਨ੍ਹਾਂ ਨੂੰ ਪੁੱਛਣ ਲੱਗੀ, ‘ਭੈਣੋ, ਮੈਨੂੰ ਕੁਝ ਕਿਹੈ? ਤੁਹਾਨੂੰ ਕੀ ਹੋ ਗਿਐ? ਤੁਸੀਂ ਰੁਕ ਕਿਉਂ ਗਈਆਂ ਹੋ? ਆਪੋ ਆਪਣੀ ਚਾਲ ਫੜੋ।’

ਘੰਟਿਆਂ ਵਾਲੀ ਸੂਈ ਦਾ ਗੁੱਸਾ ਲਾਵਾ ਬਣ ਕੇ ਫੁੱਟਿਆ,‘ਚਾਲ ਫੜਦੀ ਏ ਸਾਡੀ ਜੁੱਤੀ। ਤੂੰ ਜੋ ਪੀ.ਟੀ.ਊਸ਼ਾ ਦੀ ਭੈਣ ਬਣਦੀ ਏ ਬਹੁਤੀ। ਤੂੰ ਈ ਲਾਈ ਜਾਹ ਦੌੜਾਂ। ਸਾਨੂੰ ਕੋਈ ਲੋੜ ਨਹੀਂ ਤੇਰੇ ਮਗਰ-ਮਗਰ ਆਉਣ ਦੀ…। ਸਾਨੂੰ ਸਮਝਾਉਂਦੀ ਏ।’

ਸਕਿੰਟ ਵਾਲੀ ਸੂਈ ਨੇ ਤਰਲਾ ਪਾਇਆ, ‘ਭੈਣੋਂ, ਹਾੜ੍ਹਾ ਹਾੜ੍ਹਾ ਇਉਂ ਨਾ ਕਰੋ। ਨੰਨੂ ਵਾਰ-ਵਾਰ ਆਪਣੇ ਵੱਲ ਵੇਖ ਰਿਹਾ ਏ। ਜੇ ਅਸੀਂ ਆਪਣੀ ਜ਼ਿੰਮੇਵਾਰੀ ਵਿਚ ਮਾਮੂਲੀ ਜਿਹੀ ਵੀ ਹਰਕਤ ਕਰ ਦਿੱਤੀ ਤਾਂ ਉਸਦੀ ਔਨਲਾਈਨ ਕਲਾਸ ਵਿਚ ਵਿਘਨ ਪੈ ਜਾਣਾ ਏ।’

ਦੋਵੇਂ ਗਰਜ਼ੀਆਂ, ‘ਅਸੀਂ ਨਹੀਂ ਜਾਂਦੀਆਂ। ਅਸੀਂ ਤਾਂ ਆਹ ਬੈਠੀਆਂ। ਕੋਈ ਮਾਈ ਦਾ ਲਾਲ ਸਾਡਾ ਕੁਝ ਨਹੀਂ ਵਿਗਾੜ ਸਕਦਾ। ਜਦੋਂ ਜੀਅ ਕੀਤਾ ਚੱਲਾਂਗੀਆਂ, ਜਦੋਂ ਜੀਅ ਕੀਤਾ ਨਹੀਂ ਚੱਲਾਂਗੀਆਂ।’

ਸਕਿੰਟਾਂ ਵਾਲੀ ਸੂਈ ਫਿਰ ਉਨ੍ਹਾਂ ਕੋਲ ਆਈ ਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵਾਂ ਛੋਟੀਆਂ ਸੂਈਆਂ ਦੀ ਇਕੱਠਿਆਂ ਆਵਾਜ਼ ਆਈ, ‘ਖ਼ਬਰਦਾਰ! ਜੇ ਸਾਡੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਤਾਂ…। ਦੀਵੇ ਵਿਚ ਤੇਲ ਨਹੀਂ, ਤੇਰਾ ਸਾਡਾ ਮੇਲ ਨਹੀਂ…ਜਾਹ, ਦਫ਼ਾ ਹੋ ਜਾਹ।’

ਸਕਿੰਟਾਂ ਵਾਲੀ ਸੂਈ ਘਬਰਾ ਗਈ, ਪਰ ਉਸਨੇ ਆਪਣੀ ਗਤੀ ਵਿਚ ਚੱਲਣਾ ਜਾਰੀ ਰੱਖਿਆ। ਅਗਲੀ ਵਾਰੀ ਨੇੜੇ ਆਈ ਤਾਂ ਦੋਵਾਂ ਨੇ ਪਹਿਲਾਂ ਹੀ ਵਿਉਂਤੀ ਯੋਜਨਾ ਅਨੁਸਾਰ ਉਸਨੂੰ ਫੜ ਲਿਆ। ਆਖਣ ਲੱਗੀਆਂ, ‘ਹੁਣ ਬੋਲ ਨੀਂ, ਲੰਬੋ, ਕਾਹਦਾ ਹੰਕਾਰ ਹੋਇਆ ਪਿਐ ਤੈਨੂੰ?’

ਦੋਵੇਂ ਛੋਟੀਆਂ ਸੂਈਆਂ ਉਸ ਨਾਲ ਗੁੱਛਾ ਮੁੱਛਾ ਹੋ ਗਈਆਂ। ਸਕਿੰਟਾਂ ਵਾਲੀ ਸੂਈ ਨੇ ਪੂਰਾ ਤਾਣ ਲਗਾਇਆ ਤੇ ਆਪਣੇ ਆਪ ਨੂੰ ਛੁਡਾ ਲਿਆ। ਉਹ ਫਿਰ ਅੱਗੇ ਵਧਣ ਲੱਗੀ।

‘ਭੈਣੋਂ ਨਾ ਪਲੀਜ਼। ਮੇਰਾ ਰਾਹ ਨਾ ਰੋਕੋ। ਤੁਸੀਂ ਨੰਨੂ ਬਾਰੇ ਸੋਚੋ। ਉਸ ਵਿਚਾਰੇ ਦਾ ਕਿੰਨਾ ਨੁਕਸਾਨ ਹੋ ਜਾਵੇਗਾ। ਸਕੂਲ ਉਂਜ ਈ ਬੰਦ ਨੇ। ਕਰੋਨਾ ਦੀ ਭੈੜੀ ਬਿਮਾਰੀ ਕਰਕੇ ਉਸ ਮਾਸੂਮ ਦੀ ਪੜ੍ਹਾਈ ਦਾ ਪਹਿਲਾਂ ਈ ਨੁਕਸਾਨ ਹੋ ਰਿਹੈ। ਉਸਦੀ ਟੇਕ ਤਾਂ ਸਾਡੇ ਉੱਪਰ ਈ ਏ।’

ਸਭ ਤੋਂ ਛੋਟੀ ਸੂਈ ਉਸ ਨੂੰ ਝਈਆਂ ਲੈ ਕੇ ਪਈ, ‘ਨੀਂ ਜਾਹ ਜਾਹ। ਵੱਡੀ ਆਈ ਮੱਤਾਂ ਦੇਣ ਵਾਲੀ।’

‘ਹੁਣ ਵੇਖਾਂਗੀਆਂ ਸਾਡੇ ਬਿਨਾਂ ਤੇਰਾ ਇਕੱਲੀ ਦਾ ਕੀ ਮੁੱਲ ਵੱਟੀਂਦਾ ਏ।’ ਮਿੰਟਾਂ ਵਾਲੀ ਸੂਈ ਨੇ ਕਿਹਾ।

ਸਕਿੰਟਾਂ ਵਾਲੀ ਸੂਈ ਫਿਰ ਨੇੜੇ ਆਉਂਦੀ ਕਹਿਣ ਲੱਗੀ, ‘ਭੈਣੋ, ਮੈਨੂੰ ਤੰਗ ਨਾ ਕਰੋ। ਸਿਆਣੇ ਕਹਿੰਦੇ ਨੇ ਕਿ ਜੇ ਤੁਹਾਡਾ ਮਕਸਦ ਗ਼ਲਤ ਹੈ ਤਾਂ ਤੁਹਾਡਾ ਗਿਆਨ ਵੀ ਪਾਪ ਹੋ ਜਾਂਦਾ ਏ। ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਤੇ ਨੰਨੂ ਦਾ ਨੁਕਸਾਨ ਕਰਕੇ ਪਾਪ ਦੀਆਂ ਭਾਗੀ ਨਾ ਬਣੋ।’

ਦੋਵੇਂ ਛੋਟੀਆਂ ਸੂਈਆਂ ਉਸਦਾ ਮਜ਼ਾਕ ਉਡਾਉਂਦੀਆਂ ਰਹੀਆਂ। ਰਾਤ ਪੈ ਗਈ। ਪਾਪਾ ਘਰ ਆਏ। ਨੰਨੂ ਨੇ ਪਾਪਾ ਨੂੰ ਘੜੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ‘ਪਾਪਾ, ਘੜੀ ਵੇਖੋ ਖ਼ਰਾਬ ਹੋ ਗਈ ਏ। ਇਸਨੂੰ ਕੱਲ੍ਹ ਕਬਾੜ ਵਿਚ ਸੁੱਟ ਦੇਵਾਂਗੇ ਤੇ ਬਾਜ਼ਾਰੋਂ ਨਵੀਂ ਘੜੀ ਲੈ ਕੇ ਆਵਾਂਗੇ। ਘੜੀ ਨੇ ਠੀਕ ਸਮਾਂ ਨਹੀਂ ਦੱਸਿਆ ਤੇ ਜਦੋਂ ਮੈਂ ਔਨਲਾਈਨ ਕਲਾਸ ਨਾਲ ਜੁੜਨ ਲਈ ਕੰਪਿਊਟਰ ਔਨ ਕੀਤਾ ਤਾਂ ਮੈਡਮ ਆਪਣੀ ਕਲਾਸ ਲੈ ਚੁੱਕੇ ਸਨ।’

ਪਾਪਾ ਬੋਲੇ, ‘ਠੀਕ ਏ ਬੇਟਾ, ਜੋ ਸਮਾਂ ਹੀ ਨਾ ਦੱਸੇ ਉਸਦੀ ਕਾਹਦੀ ਘੜੀ ਹੋਈ। ਉਹ ਤਾਂ ਮਿੱਟੀ ਏ ਮਿੱਟੀ।’

‘ਹੈਂ ਕਬਾੜ ’ਚ…?’ ਦੋਵੇਂ ਛੋਟੀਆਂ ਸੂਈਆਂ ਨੇ ਨੰਨੂ ਤੇ ਪਾਪਾ ਦੀਆਂ ਗੱਲਾਂ ਸੁਣੀਆਂ ਤਾਂ ਉਨ੍ਹਾਂ ਦੇ ਸਾਹ ਸੂਤੇ ਗਏ। ਇਸਦਾ ਮਤਲਬ ਸਾਨੂੰ ਘਰੋਂ ਵਗਾਹ ਮਾਰਨਗੇ? ਅਸੀਂ ਬੇਕਾਰ ਹੋ ਜਾਵਾਂਗੀਆਂ ?’

ਦੋਵਾਂ ਨੇ ਆਪਸ ਵਿਚ ਚਿੰਤਾ ਪ੍ਰਗਟ ਕੀਤੀ। ਫਿਰ ਬੜੀ ਹੀ ਸਹਿਜਤਾ ਨਾਲ, ਠੰਢੇ ਮਨ ਨਾਲ ਸੋਚਿਆ। ਆਖ਼ਿਰ ਇਸ ਨਤੀਜੇ ’ਤੇ ਪੁੱਜੀਆਂ ਕਿ ਸੱਚਮੁਚ ਉਨ੍ਹਾਂ ਦੋਵਾਂ ਦਾ ਫ਼ੈਸਲਾ ਗ਼ਲਤ ਸੀ। ਐਵੇਂ ਦੂਜਿਆਂ ਨਾਲ ਨਫ਼ਰਤ ਕਰਨੀ ਜਾਂ ਮਜ਼ਾਕ ਉਡਾਉਣਾ ਚੰਗੀ ਗੱਲ ਨਹੀਂ। ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਸਿਆਣਪ ਨਹੀਂ, ਸਗੋਂ ਜਿਸ ਜਿਸ ਦੀ ਜਿਹੜੀ ਡਿਊਟੀ ਲੱਗੀ ਹੋਈ ਹੈ, ਉਸ ਨੂੰ ਉਸੇ ਹਾਲਤ ਵਿਚ ਸਵੀਕਾਰ ਕਰਕੇ ਹੱਸ ਹੱਸ ਕੇ ਨਿਭਾਉਣੀ ਚਾਹੀਦੀ ਹੈ ਤਾਂ ਹੀ ਅਸੀਂ ਆਪਣਾ ਅਤੇ ਦੂਜਿਆਂ ਦਾ ਵਿਕਾਸ ਕਰਦੇ ਹੋਏ ਮਾਣ ਪ੍ਰਾਪਤ ਕਰ ਸਕਦੇ ਹਾਂ।’

ਇਸ ਵਾਰੀ ਜਦੋਂ ਸਕਿੰਟ ਵਾਲੀ ਸੂਈ ਚੱਕਰ ਕੱਟ ਕੇ ਉਨ੍ਹਾਂ ਦੋਵਾਂ ਕੋਲ ਆਈ ਤਾਂ ਉਨ੍ਹਾਂ ਦੋਵਾਂ ਦੇ ਹੱਥ ਜੁੜੇ ਹੋਏ ਸਨ। ਉਹ ਬੋਲੀਆਂ,‘ਭੈਣੇ, ਅਸੀਂ ਗ਼ਲਤ ਸਾਂ। ਤੂੰ ਠੀਕ ਸੈਂ। ਅਸੀਂ ਤੇਰੇ ਨਾਲ ਭੈੜੀ ਕੀਤੀ, ਪਰ ਤੂੰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜੀ। ਤੂੰ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ।’

’ਭੈਣੋਂ ਧੰਨਵਾਦ! ਨਾਲੇ ਜੇ ਸਵੇਰ ਦੇ ਭੁੱਲੇ ਸ਼ਾਮੀ ਘਰ ਮੁੜ ਆ ਜਾਣ ਤਾਂ ਉਨ੍ਹਾਂ ਨੂੰ ਭੁੱਲਿਆ ਨਹੀਂ ਕਹਿੰਦੇ। ਆਓ, ਆਪੋ ਆਪਣਾ ਫ਼ਰਜ਼ ਨਿਭਾਈਏ।’ ਸਕਿੰਟਾਂ ਵਾਲੀ ਸੂਈ ਨੇ ਕਿਹਾ।

ਸਵੇਰ ਸਾਰ ਨੰਨੂ ਨੇ ਵੇਖਿਆ, ਘੜੀ ਦੀਆਂ ਤਿੰਨੇ ਸੂਈਆਂ ਪਹਿਲਾਂ ਵਾਂਗ ਚੱਲ ਰਹੀਆਂ ਸਨ।

‘ਪਾਪਾ ਘੜੀ ਠੀਕ ਹੋ ਗਈ ਏ। ਆਹ ਵੇਖੋ, ਤੁਹਾਡੇ ਮੋਬਾਈਲ ਵਾਲੇ ਟਾਈਮ ਨਾਲ ਬਿਲਕੁਲ ਟਾਈਮ ਮਿਲ ਰਿਹਾ ਏ।’

‘ਤੇ ਫੇਰ ਆਪਾਂ ਇਸਨੂੰ ਕਬਾੜ ਵਿਚ ਕਾਹਦੇ ਲਈ ਸੁੱਟਣਾ ਏ?’ ਪਾਪਾ ਨੇ ਕਿਹਾ।

ਤਿੰਨੇ ਸੂਈਆਂ ਖ਼ੁਸ਼ੀ ਖ਼ੁਸ਼ੀ ਆਪਣੀ ਤੋਰ ਤੁਰ ਰਹੀਆਂ ਸਨ, ਟਿਕ ਟਿਕ ਟਿਕ….।

ਨੰਨੂ ਖ਼ੁਸ਼ ਸੀ। ਘੜੀ ਖ਼ੁਸ਼ ਸੀ।