ਫਿਰੋਜ਼ਪੁਰ, 31 ਜੁਲਾਈ
ਪੰਜਾਬ ਦੇ ਸਰਹੱਦੀ ਖੇਤਰ ਵਿੱਚ ਹੜ੍ਹਾਂ ਨੇ ਲੋਕਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤੀਆਂ ਹਨ ਅਤੇ ਘਰ ਵੀ ਡਿੱਗ ਗਏ ਹਨ। ਹੜ੍ਹਾਂ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ। ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਕਾਲੂ ਵਾਲਾ ਦੇ ਵਸਨੀਕ ਚਿਮਨ ਸਿੰਘ (60) ਦਾ ਕਹਿਣਾ ਹੈ ਕਿ ਹੜ੍ਹ ਨੇ ਉਸ ਦੀ ਸਾਰੀ ਫ਼ਸਲ ਤਬਾਹ ਕਰ ਦਿੱਤੀ ਅਤੇ ਨਾਲੇ ਉਸ ਦਾ ਘਰ ਵੀ ਨੁਕਸਾਨਿਆ ਗਿਆ। ਚਿਮਨ ਸਿੰਘ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਹੜ੍ਹ ਨੇ ਪਿੰਡ ਵਿੱਚ ਭਾਰੀ ਤਬਾਹੀ ਮਚਾਈ, ਜਿਸ ਕਾਰਨ ਜ਼ਿਅਦਾਤਰ ਲੋਕਾਂ ਨੂੰ ਸਰਕਾਰੀ ਸਕੂਲਾਂ ’ਚ ਆਸਰਾ ਲੈਣਾ ਪਿਆ। ਉਸ ਨੇ ਆਖਿਆ ਕਿ ਪਿੰਡ ਵਿੱਚ ਵੱਡੀ ਗਿਣਤੀ ਲੋਕਾਂ ਦੇ ਘਰ ਡਿੱਗ ਗਏ ਹਨ ਅਤੇ ਕਾਫੀ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਚਿਮਨ ਸਿੰਘ ਨੇ ਆਖਿਆ,‘‘ਮੇਰਾ ਸਾਰਾ ਢਾਈ ਏਕੜ ਝੋਨਾ ਪਾਣੀ ਨਾਲ ਤਬਾਹ ਹੋ ਗਿਆ ਅਤੇ ਉਪਰੋਂ ਘਰ ਕਿਸੇ ਵੀ ਵੇਲੇ ਡਿੱਗ ਸਕਦਾ ਹੈ।’’ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਤੁਲਜ ਦਰਿਆ ਉਨ੍ਹਾਂ ਦੇ ਪਿੰਡ ਨੂੰ ਤਿੰਨ ਪਾਸਿਆਂ ਤੋਂ ਖਹਿਦਾ ਹੈ, ਜਿਸ ਕਾਰਨ ਫ਼ਸਲਾਂ ਤੇ ਘਰਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਆਖਿਆ ਪਿਛਲੇ ਦਿਨੀਂ ਪੰਜਾਬ ਵਿੱਚ ਮੋਹਲੇਧਾਰ ਮੀਂਹ ਪੈਣ ਕਾਰਨ ਸਲਤੁਜ ਪੂਰੇ ਜੋਬਨ ’ਤੇ ਸੀ। ਜਿਵੇਂ ਹੀ ਸਤਲੁਜ ਦਾ ਪਾਣੀ ਪਿੰਡਾਂ ਵਿੱਚ ਦਾਖ਼ਲ ਹੋਇਆ ਤਾਂ ਲੋਕ ਆਪਣੇ ਘਰ-ਬਾਰ ਛੱਡ ਕੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਥਾਪਿਤ ਕੀਤੇ ਰਾਹਤ ਕੈਂਪ ਵਿੱਚ ਆ ਗਏ। ਸਰਕਾਰੀ ਸਕੂਲ ਵਿੱਚ ਆਪਣੀ ਪਤਨੀ ਤੇ ਪੁੱਤਰ ਨਾਲ ਰਹਿ ਰਹੇ ਚਿਮਨ ਸਿੰਘ ਨੇ ਆਖਿਆ ਕਿ ਉਸ ਨੂੰ ਮੌਜੂਦਾ ਸਥਿਤੀ ਦੀ ਚਿੰਤਾ ਨਹੀਂ ਹੈ ਸਗੋਂ ਉਹ ਆਪਣੇ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਉਸ ਨੇ ਆਖਿਆ ਕਿ ਉਹ ਸਾਰੀ ਫ਼ਸਲ ਤਬਾਹ ਹੋਣ ਕਾਰਨ ਪਰਿਾਵਰ ਦਾ ਗੁਜ਼ਾਰਾ ਕਿਵੇਂ ਕਰੇਗਾ? ਉਸ ਨੇ ਆਖਿਆ ਕਿ ਸਤਲੁਜ ਹਰ ਵਾਰ ਨੁਕਸਾਨ ਕਰਦਾ ਹੈ ਅਤੇ ਪਿੰਡ ਦੇ ਲੋਕਾਂ ਨੂੰ ਇਹ ਮਾਰ ਸਹਿਣੀ ਪੈਂਦੀ ਹੈ। ਪਿੰਡ ਕਾਲੂ ਵਾਲਾ ਦੇ ਵਸਨੀਕ ਸਵਰਨ ਸਿੰਘ (62) ਨੇ ਵੀ ਆਪਣੇ ਪਰਿਵਾਰ ਸਣੇ ਸਰਕਾਰੀ ਸਕੂਲ ਵਿਚ ਪਨਾਹ ਲਈ ਹੋਈ ਹੈ। ਉਸ ਨੇ ਆਖਿਆ,‘‘ਸਾਨੂੰ ਆਪਣਾ ਸਾਮਾਨ ਚੁੱਕ ਕੇ ਘਰ ਛੱਡਣਾ ਪਿਆ, ਕਿਉਂਕਿ ਪਾਣੀ ਕਾਰਨ ਉਥੇ ਬਹੁਤ ਬਾਰੇ ਜ਼ਹਿਰੀਲੇ ਜਾਨਵਰ ਆ ਗਏ ਸਨ। ਹਾਲਾਂਕਿ ਉਥੇ ਸੱਪ ਵੀ ਸਨ, ਜਿਸ ਕਾਰਨ ਜਾਨ ਨੂੰ ਖ਼ਤਰਾ ਸੀ। ਸਾਨੂੰ ਉਮੀਦ ਹੈ ਕਿ ਹਾਲਾਤ ਜਲਦ ਸੁਧਰ ਜਾਣਗੇ ਅਤੇ ਅਸੀਂ ਵਾਪਸ ਆਪਣੇ ਘਰ ਪਰਤ ਸਕਾਂਗੇ।’’