ਖੰਨਾ, 8 ਅਗਸਤ
ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਬਾਰੇ ਰਾਜ ਸਭਾ ਮੈਬਰਾਂ ਸਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਾਜ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਤੋਂ ਨਾਰਾਜ਼ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਖੰਨਾ ਇੰਚਾਰਜ ਪ੍ਰਭਦੀਪ ਸਿੰਘ ਗਰੇਵਾਲ ਤੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਅਮਿਤ ਤਿਵਾੜੀ ਦੀ ਅਗਵਾਈ ‘ਚ ਯੂਥ ਕਾਂਗਰਸੀਆਂ ਨੇ ਸ੍ਰੀ ਦੂਲੋਂ ਦੇ ਇਥੇ ਨਵੀਂ ਅਬਾਦੀ ਸਥਿਤ ਘਰ ਦਾ ਘਿਰਾਓ ਕੀਤਾ। ਇਸ ਦੌਰਾਨ ਯੂਥ ਕਾਂਗਰਸੀਆਂ ਨੇ ਸ੍ਰੀ ਦੂਲੋ ਖ਼ਿਲਾਫ ਪ੍ਰਦਰਸ਼ਨ ਕੀਤਾ। ਇਸ ਮੌਕੇ ਖੰਨਾ ਪੁਲੀਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਘਰ ਦਾ ਘਿਰਾਓ ਕਰਨ ਆਏ ਯੂਥ ਕਾਂਗਰਸ ਦੇ ਆਗੂਆਂ ਨੂੰ ਸ੍ਰੀ ਦੂਲੋ ਘਰ ਦੇ ਬਾਹਰ ਆ ਕੇ ਮਿਲੇ ਅਤੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਾਂਗਰਸ ਦੀ ਸਾਖ ਲੋਕਾਂ ‘ਚ ਖ਼ਰਾਬ ਹੋ ਰਹੀ ਹੈ। ਇਸ ਲਈ ਉਹ ਸੱਚ ਬੋਲੇ ਹਨ ਤਾਂ ਜੋ ਪਾਰਟੀ ਦੇ ਰਾਜ ਭਰ ਵਿਚ ਹੋ ਰਹੇ ਨੁਕਸਾਨ ਨੂੰ ਬਚਾਇਆ ਜਾ ਸਕੇ। ਸ੍ਰੀ ਦੂਲੋ ਨੇ ਯੂਥ ਕਾਂਗਰਸ ਦੇ ਆਗੂਆਂ ਨੂੰ ਨਸੀਹਤ ਦਿੱਤੀ ਕਿ ਉਹ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਮਜ਼ਬੂਤੀ ਲਈ ਨਸ਼ਾ ਸਮਗਲਰਾਂ ਦਾ ਵਿਰੋਧ ਕਰਨ। ਰਾਜ ਸਭਾ ਮੈਂਬਰ ਨੇ ਯੂਥ ਵਰਕਰਾਂ ਨੂੰ ਕੋਲਡ ਡ੍ਰਿੰੰਕਸ ਪਿਲਾ ਕੇ ਵਾਪਸ ਭੇਜਿਆ ਤੇ ਕਿਹਾ ਕਿ ਕਾਂਗਰਸ ਲਈ ਡੱਟ ਕੇ ਕੰਮ ਕਰਨ। ਇਸ ਮੌਕੇ ਯੂਥ ਕਾਂਗਰਸ ਪ੍ਰਧਾਨ ਗਗਨਦੀਪ ਸਿੰਘ, ਮਨਿੰਦਰ ਸਿੰਘ ਸਮਰਾਲਾ, ਅਸੀਸ਼ ਗਰਗ, ਹਨੀ ਲਿਬੜਾ, ਮਨਿੰਦਰ ਮਨੀ, ਡੇਵਿਡ ਸ਼ਰਮਾ, ਰਾਹੁਲ ਗਰਗ, ਗੋਲਡੀ ਸ਼ਰਮਾ, ਸੋਨੂੰ ਸੋਫ਼ਤ, ਗੁਰਪ੍ਰੀਤ ਨਾਗਪਾਲ, ਸਾਹਿਲ ਗੁਲਾਟੀ, ਗਗਨਦੀਪ ਮਣਕੂ, ਗੁਰੀ ਸੋਮਲ, ਜਿੰਮੀ ਮਲਹੋਤਰਾ ਹਾਜ਼ਰ ਸਨ।