* ਹਰ ਘਰ ਵਿੱਚ ਉਗਾਏ ਜਾ ਸਕਣਗੇ 4 ਬੂਟੇ, ਅਗਲੀ ਪੀੜ੍ਹੀ ਲਈ ਅਨੋਖਾ ਤੋਹਫਾ
ਸਟਾਰ ਖ਼ਬਰ-ਸੈਨੇਟ ਵੱਲੋਂ ਲਿਬਰਲ ਸਰਕਾਰ ਦੇ ਬਿੱਲ ਸੀ-45 ਤੇ ਆਪਣੀ ਮੋਹਰ ਲਾ ਦਿੱਤੀ ਹੈ ਅਤੇ ਟਰੂਡੋ ਸਰਕਾਰ ਦਾ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦਾ ਬਹੁਤ ਵੱਡਾ ਸੁਪਨਾ ਪੂਰਾ ਹੋ ਗਿਆ ਹੈ। ਹੁਣ ਇਸ ਤੇ ਸਿਰਫ ਗਵਰਨਰ ਜਨਰਲ ਦੇ ਦਸਤਖ਼ਤ ਹੋਣੇ ਬਾਕੀ ਹਨ ਅਤੇ ਉਸ ਤੋਂ ਬਾਅਦ ਕੈਨੇਡੀਅਨ ਕਾਨੂੰਨੀ ਤੌਰ ਤੇ ਇਸ ਸ਼ਕਤੀਸ਼ਾਲੀ ਦਵਾਈ ਦਾ ਸੇਵਨ ਕਰਨ ਲਈ ਆਜ਼ਾਦ ਹੋ ਜਾਣਗੇ।
ਸੈਨੇਟ ਵਿੱਚ ਇਸ ਬਿੱਲ ਦੇ ਹੱਕ ਵਿੱਚ 52 ਜਦੋਂ ਕਿ ਵਿਰੋਧ ਵਿੱਚ 29 ਵੋਟਾਂ ਪਈਆਂ।
ਸੈਨੇਟ ਵੱਲੋਂ ਪਹਿਲਾਂ ਇਸ ਬਿੱਲ ਨੂੰ ਇਹ ਕਹਿ ਕੇ ਵਾਪਿਸ ਸੋਧ ਲਈ ਹਾਊਸ ਆਫ ਕੌਮਨਜ਼ ਵਿੱਚ ਭੇਜ ਦਿੱਤਾ ਸੀ ਕਿ ਘਰ-ਘਰ ਇਸ ਫਸਲ ਦੀ ਬਿਜਾਈ ਤੇ ਪਾਬੰਦੀ ਲਗਾਈ ਜਾਵੇ ਪਰ ਲਿਬਰਲ ਇਸ ਫਸਲ ਨੂੰ ਘਰ-ਘਰ ਉਗਾਉਣ ਲਈ ਬਜ਼ਿੱਦ ਰਹੇ ਅਤੇ ਆਖਿਰ ਲਿਬਰਲ ਸਰਕਾਰ ਦੀ ਇਹ ਗੱਲ ਮੰਨ ਲਈ ਗਈ ਅਤੇ ਹੁਣ ਲੋਕ ਆਪਣੇ ਘਰਾਂ ਵਿੱਚ ਭੰਗ ਦੇ ਬੂਟੇ ਉਗਾ ਸਕਣਗੇ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਇਹ ਵੱਡਾ ਤੋਹਫਾ ਥਾਲੀ ਵਿੱਚ ਪਰੋਸ ਕੇ ਦੇਣ ਦੇ ਲਾਇਕ ਹੋ ਗਏ ਹਨ।
ਸੈਨੇਟ ਵਿੱਚ ਵੋਟਿੰਗ ਤੋਂ ਬਾਅਦ ਆਜ਼ਾਦ ਸੈਨੇਟਰ ਟੋਨੀ ਡੀਨ ਨੇ ਬੜੇ ਮਾਣ ਨਾਲ਼ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਦਿਨ ਹੈ। ਅੱਜ ਅਸੀਂ 90 ਸਾਲਾਂ ਤੋਂ ਲੋਕਾਂ ਦੀ ਸਿਹਤ ਨਾਲ਼ ਸਬੰਧਤ ਬਹੁਤ ਵਧੀਆ ਵਸਤੂ ਤੇ ਲੱਗੀ ਪਾਬੰਦੀ ਹਟਾਉਣ ਵਿੱਚ ਕਾਮਯਾਬ ਹੋ ਗਏ ਹਾਂ। ਹੁਣ ਤੱਕ ਸਾਡੇ ਨੌਜਵਾਨਾਂ ਨੂੰ ਇਸ ਤੋਂ ਵਾਂਝੇ ਰਹਿਣਾ ਪਿਆ ਹੈ।
ਪ੍ਰੰਤੂ ਕੁਝ ਅਜਿਹੇ ਸੈਨੇਟਰ ਵੀ ਹਨ ਜੋ ਇਸ ਤੋਂ ਖ਼ੁਸ਼ ਨਹੀਂ ਹਨ।
ਟੋਰੀ ਸੈਨੇਟਰ ਲੀਓ ਹੋਸਾਕੋਸ ਦਾ ਕਹਿਣਾ ਹੈ ਕਿ ਜੋ ਕਹਿ ਕੇ ਇਹ ਬਿੱਲ ਲਿਆਂਦਾ ਗਿਆ ਸੀ ਉਹ ਪਾਸ ਹੋਏ ਬਿੱਲ ਦਾ ਮਕਸਦ ਨਹੀਂ ਹੈ। ਬਿੱਲ ਇਹ ਕਹਿ ਕੇ ਲਿਆਂਦਾ ਗਿਆ ਸੀ ਕਿ ਇਸ ਨਾਲ਼ ਅਸੀਂ ਸਾਡੇ ਨੌਜਵਾਨਾਂ ਨੂੰ ਇਸ ਤੋਂ ਦੂਰ ਰੱਖ ਸਕਾਂਗੇ।
ਭੰਗ ਹਾਲੇ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਲਾਗੂ ਨਹੀਂ ਹੋਈ ਹੈ। ਇਹ ਅਗਸਤ ਦੇ ਆਖੀਰ ਜਾਂ ਸਤੰਬਰ ਦੇ ਸ਼ੁਰੂ ਵਿੱਚ ਮਾਰਕੀਟ ਵਿੱਚ ਆਵੇਗੀ ਕਿਉਂ ਕਿ ਸੂਬਿਆਂ ਨੂੰ ਤਿਆਰੀ ਲਈ 8 ਤੋਂ 12 ਹਫਤੇ ਲੋੜੀਂਦੇ ਹਨ।
ਪਿਛਲੇ ਬਹੁਤ ਸਾਰੇ ਦਿਨਾਂ ਤੋਂ ਇਸ ਬਿੱਲ ਤੇ ਪਾਰਲੀਮੈਂਟ ਵਿੱਚ ਗਰਮ ਬਹਿਸ ਹੁੰਦੀ ਰਹੀ ਹੈ। ਸੈਨੇਟ ਮੈਂਬਰ ਚਾਹੁੰਦੇ ਸਨ ਕਿ ਇਸ ਨੂੰ ਘਰ ਵਿੱਚ ਉਗਾਉਣ ਦੀ ਆਗਿਆ ਨਾਂ ਦਿੱਤੀ ਜਾਵੇ। ਪਾਰਲੀਮੈਂਟ ਮੈਂਬਰ ਇਸ ਦੇ ਉਲਟ ਸਨ। ਅੰਤਿਮ ਫੈਸਲਾ ਸੂਬਿਆਂ ਤੇ ਨਿਰਭਰ ਕਰਦਾ ਹੈ।
ਕਿਊਬੈੱਕ, ਮੈਨੀਟੋਬਾ ਅਤੇ ਨੂਨਾਵਟ ਹਾਲੇ ਤੱਕ ਅਜਿਹੇ ਸਿਆਣੇ ਸੂਬੇ ਹਨ ਜਿੰਨ੍ਹਾਂ ਨੇ ਪਹਿਲਾਂ ਹੀ ਇਸ ਦੇ ਘਰਾਂ ਵਿੱਚ ਉੱਗਣ ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ। ਫਿਰ ਵੀ ਫੈਡਰਲ ਲਿਬਰਲ ਸਰਕਾਰ ਚਾਹੁੰਦੀ ਹੈ ਕਿ ਹਰ ਘਰ ਵਿੱਚ ਘੱਟੋ-ਘੱਟ 4 ਬੂਟੇ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਐਤਵਾਰ ਨੂੰ ਸੈਨੇਟਰ ਡੀਨ ਨੇ ਕਿਹਾ ਕਿ ਬੇਸ਼ੱਕ ਸੈਨੇਟ ਬਿੱਲ ਤੇ ਸਲਾਹ ਦੇ ਸਕਦੀ ਹੈ ਪਰ ਆਖਿਰ ਚੱਲਣੀ ਸਰਕਾਰ ਦੀ ਹੀ ਹੁੰਦੀ ਹੈ।
ਸੋਮਵਾਰ ਨੂੰ ਇੱਕ ਹੋਰ ਆਜ਼ਾਦ ਸੈਨੇਟਰ ਐਂਡਰੇ ਪਰੈਟੇ ਜਿੰਨਾਂ ਨੇ ਜਨਤਕ ਤੌਰ ਤੇ ਸੂਬਾਈ ਪਾਬੰਦੀ ਦਾ ਸਮਰਥਨ ਕੀਤਾ ਸੀ ਦਾ ਕਹਿਣਾ ਹੈ ਕਿ ਉਹਨਾਂ ਅਨੁਸਾਰ ਮੁੱਦਾ ਅਹਿਮ ਹੈ ਪਰ ਗੰਭੀਰ ਨਹੀਂ ਹੈ ਸੋ ਉਹ ਇਸ ਤੇ ਕੋਈ ਸੰਕਟ ਪੈਦਾ ਨਹੀਂ ਸਨ ਕਰਨਾ ਚਾਹੁੰਦੇ।
ਪਰੈਟੇ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਹ ਬਿੱਲ ਅਦਾਲਤਾਂ ਵਿੱਚ ਜਾਵੇਗਾ। ਉਹਨਾਂ ਅਨੁਸਾਰ ਕਿਊਬੈੱਕ ਦਾ ਕਹਿਣਾ ਹੈ ਕਿ ਉਹਨਾਂ ਦੇ ਅਦਾਲਤੀ ਮੁਕੱਦਮਾ ਜਿੱਤਣ ਦੇ ਵੱਡੇ ਮੌਕੇ ਹਨ। ਕਿਊਬੈੱਕ ਫੈਡਰਲ ਹੁਕਮਨਾਮੇ ਨੂੰ ਪਹਿਲਾਂ ਹੀ ਅਦਾਲਤ ਵਿੱਚ ਲਿਜਾਣ ਦੀ ਗੱਲ ਕਹਿ ਚੁੱਕੇ ਹਨ।
ਮੈਨੀਟੋਬਾ ਦੇ ਕਾਨੂੰਨ ਮੰਤਰੀ ਦਾ ਕਹਿਣਾ ਹੈ ਕਿ ਉਹ ਫੈਡਰਲ ਸਰਕਾਰ ਇਸ ਗੱਲ ਤੇ ਸੰਤੁਸ਼ਟ ਹਨ ਕਿ ਸੂਬੇ ਚਾਹੁਣ ਤਾਂ ਘਰਾਂ ਵਿੱਚ ਉਗਾਈ ਤੇ ਪਾਬੰਦੀ ਲਗਾ ਸਕਦੇ ਹਨ ਪਰ ਜੇਕਰ ਉਹਨਾਂ ਦੇ ਇਸ ਹੱਕ ਨੂੰ ਚੁਣੌਤੀ ਦਿੱਤੀ ਗਈ ਤਾਂ ਉਹ ਅਦਾਲਤ ਵਿੱਚ ਆਪਣੇ ਸੂਬੇ ਦੇ ਹੱਕ ਦੀ ਰੱਖਿਆ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਹੁਣ ਸਰਕਾਰ ਇਸ ਤੋਂ ਅਗਲੇ ਬਿੱਲ ਤੇ ਬਹਿਸ ਕਰੇਗੀ। ਇਹ ਬਿੱਲ ਹੈ ਸੀ-46 ਜਿਸ ਤਹਿਤ ਭੰਗ ਦਾ ਸੇਵਨ ਕਰਕੇ ਗੱਡੀ ਚਲਾਉਣ ਵਾਲਿਆਂ ਨੂੰ ਨੱਥ ਪਾਉਣ ਲਈ ਪੁਲਿਸ ਨੂੰ ਵਧੇਰੇ ਅਧਿਕਾਰ ਦੇਣੇ ਅਤੇ ਸਖ਼ਤ ਸਜ਼ਾਵਾਂ ਦੇਣੀਆਂ ਸ਼ਾਮਿਲ ਹਨ। ਇਸ ਬਿੱਲ ਤਹਿਤ ਜਿਸ ਮੱਦ ਤੇ ਸੈਨੇਟ ਸਹਿਮਤ ਨਹੀਂ ਹੈ ਉਹ ਹੈ ਕਿ ਪੁਲਿਸ ਕਿਸੇ ਵੀ ਡਰਾਈਵਰ ਨੂੰ ਬਿਨਾਂ ਸ਼ੱਕ ਕਿਤੇ ਵੀ ਰੋਕ ਕੇ ਸਾਹ ਦਾ ਨਾਮੂਨਾ ਲੈ ਸਕਦੀ ਹੈ।
ਫੈਡਰਲ ਕਾਨੂੰਨ ਮੰਤਰੀ ਜੋਡੀ-ਵਿਲਸਨ ਰੇਅਬੋਲਡ ਦਾ ਕਹਿਣਾ ਹੈ ਕਿ ਇਹ ਮੱਦ ਹੀ ਇਸ ਬਿੱਲ ਦੀ ਅਸਲ ਖ਼ਾਸੀਅਤ ਹੈ ਅਤੇ ਸਰਕਾਰ ਨੇ ਸੋਧ ਨਾਂ ਕਰਕੇ ਵਾਪਿਸ ਇਸ ਨੂੰ ਸੈਨੇਟ ਵਿੱਚ ਭੇਜ ਦਿੱਤਾ ਹੈ। ਇਸ ਬਿੱਲ ਦਾ ਮੰਗਲਵਾਰ ਨੂੰ ਸੈਨੇਟ ਵਿੱਚ ਕੋਈ ਹੱਲ ਨਹੀਂ ਹੋਇਆ ਹੈ। ਹਾਊਸ ਆਫ ਕੌਮਨਜ਼ ਇਸ ਸ਼ੁੱਕਰਵਾਰ ਨੂੰ ਗਰਮੀਆਂ ਦੀਆਂ ਛੁੱਟੀਆਂ ਲਈ ਉੱਠ ਜਾਵੇਗੀ।
ਡਰਾਈਵਰਾਂ ਵਿੱਚ ਨਸ਼ੇ ਦੀ ਮਾਤਰਾ ਦਾ ਪਤਾ ਲਗਾਉਣ ਲਈ ਨਵੇਂ ਯੰਤਰ ਵੀ ਪੁਲਿਸ ਨੂੰ ਮੁਹੱਈਆ ਕਰਵਾਏ ਗਏ ਹਨ।