ਸਟਾਰ ਹੋਕਾ(ਸ਼ਮਸ਼ੇਰ ਗਿੱਲ)-ਘਰੇ ਜਾ ਕੇ ਨਾਂ ਚੁੱਲ੍ਹੇ ‘ਚ ਲੱਤ ਮਾਰੀਂ ਵਾਲਾ ਗੀਤ ਅੱਜ ਦੇ ਦਿਨ ਤੇ ਇਸ ਕਰਕੇ ਢੁੱਕਦਾ ਹੈ ਕਿ ਪਹਿਲਾਂ ਅਸੀਂ ਜਾਂ ਤਾਂ ਵੋਟ ਪਾਉਂਦੇ ਨਹੀਂ ਜਾਂ ਫਿਰ ਸੋਚ ਸਮਝ ਕੇ ਨਹੀਂ ਪਾਉਂਦੇ। ਫਿਰ ਗ਼ਲਤ ਵੋਟ ਪਾ ਕੇ ਵੀ ਸ਼ਿਕਾਇਤ ਕਿ ਪਹਿਲਾਂ ਕਿਉਂ ਨਹੀਂ ਸੋਚਿਆ ਵਿਚਾਰਿਆ ਅਤੇ ਨਾਂ ਪਾਉਣ ਤੇ ਵੀ ਪਛਤਾਵਾ ਕਿ ਗ਼ਲਤ ਸਰਕਾਰ ਚੁਣੀ ਗਈ ਅਤੇ ਹੁਣ ਇਸ ਦੇ ਨਤੀਜੇ ਵੀ ਭੁਗਤਣੇ ਪੈਣਗੇ।
ਦੋਵਾਂ ਸ਼ਿਕਾਇਤਾਂ ਵਿੱਚ ਹੀ ਤੁਹਾਡਾ ਕਸੂਰ ਹੋਵੇਗਾ। ਫਿਰ ਘਰੇ ਜਾ ਕੇ ਚੁੱਲ੍ਹੇ ‘ਚ ਲੱਤ ਮਾਰਨ ਦੀ ਕੋਈ ਤੁਕ ਨਹੀਂ ਬਣਦੀ।
ਓਨਟੇਰੀਓ ਦੀ ਨਵੀਂ ਸਰਕਾਰ ਅੱਜ ਚੁਣੀ ਜਾਣੀ ਹੈ। ਇਸ ਲਈ ਸਾਡੀ ਇੱਕ-ਇੱਕ ਵੋਟ ਦਾ ਮੁੱਲ ਹੈ। ਜਿਹੜੇ ਕਹਿੰਦੇ ਨੇ ਕਿ ਇੱਕ ਵੋਟ ਨਾਲ਼ ਕੀ ਫਰਕ ਪੈਣ ਲੱਗਾ ਹੈ ਉਹਨਾਂ ਨੂੰ ਸ਼ਾਇਦ ਇਸ ਵਾਰ ਇੱਕ-ਇੱਕ ਵੋਟ ਦਾ ਮੁੱਲ ਵੀ ਪਤਾ ਲੱਗ ਜਾਵੇ। 
ਸੋ ਆਓ ਨਿੱਕਲੀਏ ਘਰੋਂ, ਬਹੁਤ ਅਹਿਮ ਜ਼ਿੰਮੇਵਾਰੀ ਨਿਭਾਉਣ ਲਈ ਕਰੀਏ 10-15 ਮਿੰਟ ਖ਼ਰਚ। ਇਹਨਾਂ 10-15 ਮਿੰਟਾਂ ਦਾ ਮੁੱਲ 4 ਸਾਲ ਤੱਕ ਪੈਂਦਾ ਰਹੇਗਾ।
ਓਨਟੇਰੀਓ ਦੇ 124 ਹਲਕਿਆਂ ਵਿੱਚ ਅੱਜ ਵੋਟਾਂ ਪੈਣ ਦਾ ਆਖਿਰੀ ਦਿਨ ਹੈ। ਇਸ ਤੋਂ ਪਹਿਲਾਂ ਐਡਵਾਂਸ ਪੋਲਿੰਗ ਵਿੱਚ ਕੋਈ 8 ਲੱਖ ਦੇ ਕਰੀਬ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਚੁੱਕਿਆ ਹੈ। ਜੋ ਪਿਛਲੇ ਸਾਲ ਨਾਲੋਂ ਕੋਈ 20 ਫੀਸਦੀ ਵੱਧ ਹੈ। 
ਸੋ ਉਮੀਦ ਹੈ ਕਿ ਇਹ ਰੁਝਾਨ ਅੱਜ ਵੀ ਬਣਿਆ ਰਹੇਗਾ। ਸਾਡਾ ਭਾਈਚਾਰਾ ਜੋ ਬਿਹਤਰ ਜ਼ਿੰਦਗੀ ਬਤੀਤ ਕਰਨ ਅਤੇ ਆਪਣੇ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਇਹਨਾਂ ਸੋਹਣੇ ਮੁਲਕਾਂ ਵਿੱਚ ਆ ਕੇ ਵਸਿਆ ਹੈ ਦੀ ਜ਼ਿੰਮੇਵਾਰੀ ਵਧੇਰੇ ਹੈ ਕਿ ਅਸੀਂ ਵੱਧ ਤੋਂ ਵੱਧ ਬਾਹਰ ਨਿੱਕਲੀਏ ਅਤੇ ਅੱਜ ਵੋਟ ਦੇ ਅਧਿਕਾਰੀ ਦੀ ਵਰਤੋਂ ਕਰੀਏ।
ਸੱਚ ਏਹੀ ਹੈ ਕਿ ਜਿੰਨੀ ਵੱਡੀ ਗਿਣਤੀ ਵਿੱਚ ਅੱਜ ਅਸੀਂ ਵੋਟ ਪਾਵਾਂਗੇ ਓਨੇ ਹੀ ਇਹ ਸਿਆਸੀ ਨੇਤਾ ਸਾਡੀ ਚਾਪਲੂਸੀ ਕਰਨਗੇ। ਫਿਰ ਸਾਨੂੰ ਇਹਨਾਂ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ ਹੋਵੇਗੀ।
ਅੱਜ ਇਹ ਵੀ ਕਹਿਣਾ ਬਣਦਾ ਹੈ ਕਿ ਮੀਡੀਆ ਦੀਆਂ ਖ਼ਬਰਾਂ ਜਾਂ ਸਰਵੇਖਣਾਂ ਨੂੰ ਭੁੱਲ ਜਾਓ। ਉਸ ਉਮੀਦਵਾਰ ਨੂੰ ਵੋਟ ਪਾਓ ਜੋ ਕੁਈਨਜ਼ ਪਾਰਕ ਵਿੱਚ ਜਾ ਕੇ ਤੁਹਾਡੇ ਲਈ ਕੁਝ ਬੋਲ ਸਕੇ, ਤੁਹਾਡੇ ਮੁੱਦੇ ਉਠਾ ਸਕੇ, ਤੁਹਾਡੀ ਸਹੀ ਮਾਅਨਿਆਂ ਵਿੱਚ ਬੁਲੰਦ ਆਵਾਜ਼ ਬਣ ਸਕੇ।
ਰੇਡੀਓ, ਟੀæਵੀæ ਮਸ਼ਹੂਰੀਆਂ ਵਿੱਚ ਤੁਸੀਂ ਪਿਛਲੇ 25 ਦਿਨ ਬਥੇਰਾ ਸੁਣ ਲਿਆ ਕਿ ਮੈਂ ਤੁਹਾਡੀ ਆਵਾਜ਼ ਬਣਾਂਗਾ, ਮੈਂ ਆਹ ਕਰਾਂਗਾ  ਜਾਂ ਔਹ ਕਰਾਂਗਾ। ਪਰ ਕਹਿਣੀ ਅਤੇ ਕਰਨੀ ਵਿੱਚ ਫਰਕ ਤੁਸੀਂ ਅੱਜ ਮਹਿਸੂਸ ਕਰਨਾ ਹੈ ਕਿ ਕੌਣ ਕਿੰਨੇ ਪਾਣੀ ਵਿੱਚ ਹੈ। 
ਜਿੱਤਣ ਵਾਲਿਆਂ ਵੱਲੋਂ ਅਗਲੀ ਦੌੜ ਮੰਤਰਾਲੇ ਹਥਿਆਉਣ ਲਈ ਲਗਾਈ ਜਾਵੇਗੀ ਅਤੇ ਤੀਜੀ ਵਾਰੀ ਸ਼ਾਇਦ ਤੁਹਾਡੀ ਆ ਜਾਵੇ। ਪਰ ਇਹ ਵੀ ਸੱਚ ਹੈ ਕਿ ਹਲਕੇ ਲਈ ਕੁਝ ਕਰਨ ਵਾਲਿਆਂ ਨੂੰ ਹੀ ਮੰਤਰਾਲੇ ਦਿੱਤੇ ਜਾਂਦੇ ਹਨ। ਕਿਸੇ ਵੀ ਪਾਰਟੀ ਨੂੰ ਵਧੇਰੇ ਸੀਟਾਂ ਦੀ ਲੋੜ ਹੁੰਦੀ ਹੈ ਅਤੇ ਸੀਟਾਂ ਜਿੱਤਣ ਲਈ ਲੋਕਾਂ ਵਿੱਚ ਹਰਮਨ ਪਿਆਰੇ ਲੋਕਾਂ ਨੂੰ ਵੱਡੇ ਅਹੁਦੇ ਦਿੱਤੇ ਜਾਂਦੇ ਹਨ।
ਸੋ ਜ਼ਰੂਰੀ ਹੈ ਕਿ ਕਾਬਿਲ ਉਮੀਦਵਾਰ ਨੂੰ ਵੋਟ ਪਾਓ। ਵੋਟ ਪਾਓਗੇ ਤਾਂ ਹੀ ਜਿੱਤਣ ਤੋਂ ਬਾਅਦ ਉਸ ਨੂੰ ਸਵਾਲ ਕਰਨ ਦੇ ਹੱਕਦਾਰ ਹੋਵੋਗੇ। ਤਾਂ ਹੀ ਉਸ ਦੇ ਦਫਤਰ ਜਾ ਕੇ ਰੌਲਾ ਪਾ ਸਕੋਗੇ ਕਿ ਜੋ ਕਿਹਾ ਸੀ ਉਹ ਹੋਇਆ ਨਹੀਂ। ਕਿਉਂ ਨਹੀਂ ਹੋਇਆ? ਏਨਾ ਪੁੱਛਣ ਤੋਂ ਤੁਹਾਨੂੰ ਨਾਂ ਤਾਂ ਕੋਈ ਅਹੁਦੇਦਾਰ ਜਾਂ ਵਿਧਾਇਕ ਰੋਕ ਸਕਦਾ ਹੈ ਅਤੇ ਨਾਂ ਹੀ ਪੰਜਾਬ ਵਾਂਗ ਤੁਹਾਡੇ ਤੇ ਕੋਈ ਝੂਠਾ ਪਰਚਾ ਦਰਜ ਕਰਵਾ ਸਕਦਾ ਹੈ। ਉਲਟਾ ਉਸ ਦੀ ਕੁਰਸੀ ਨੂੰ ਖ਼ਤਰਾ ਹੋ ਸਕਦਾ ਹੈ।
ਸੋ ਆਓ ਚੱਲੀਏ ਵੋਟ ਪਾਉਣ ਅਤੇ ਮਾਣ ਮਹਿਸੂਸ ਕਰੀਏ ਕਿ ਅਸੀਂ ਦੁਨੀਆਂ ਦੇ ਬਹੁਤ ਸੋਹਣੇ ਮੁਲਕਾਂ ਵਿੱਚੋਂ ਉਸ ਇੱਕ ਮੁਲਕ ਦੇ ਵਾਸੀ ਹਾਂ ਜਿਸ ਦੀ ਸਾਫ ਸੁਥਰੀ ਹਵਾ ਵਿੱਚ ਅਸੀਂ ਸਾਹ ਲੈ ਰਹੇ ਹਾਂ। ਸਾਡੇ ਬੱਚਿਆਂ ਦਾ ਪਾਲਣ-ਪੋਸ਼ਣ ਹੋ ਰਿਹਾ ਹੈ।