ਮੋਗਾ : ਫ਼ਿਰੋਜ਼ਪੁਰ ’ਚ ਕਰੀਬ 15 ਦਿਨ ਪਹਿਲਾਂ ਵਿਆਹ ਸਮਾਗਮ ’ਚ ਲਾੜੀ ਨੂੰ ਗੋਲੀ ਲੱਗਣ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਇਥੇ ਥਾਣਾ ਕੋਟ ਈਸੇ ਖਾਂ ਅਧੀਨ ਇੱਕ ਪਿੰਡ ’ਚ ਵਿਆਹ ਸਮਾਗਮ ਦੌਰਾਨ ਡੀਜੇ ’ਤੇ ਚੱਲਦੇ ਗੀਤਾਂ ਦੀ ਲੋਰ ਵਿੱਚ ਨੌਜਵਾਨਾਂ ਵੱਲੋਂ 12 ਬੋਰ ਬੰਦੂਕਾਂ ਨਾਲ ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਪੁਲੀਸ ਕੋਲ ਵੀ ਪਹੁੰਚ ਗਈ ਹੈ ਪਰ ਮਾਮਲਾ ਕਥਿਤ ਤੌਰ ’ਤੇ ਹਾਕਮ ਧਿਰ ਨਾਲ ਜੁੜਿਆ ਹੋਣ ਕਰਕੇ ਪੁਲੀਸ ਕਾਰਵਾਈ ਲਈ ਬੋਚ ਬੋਚ ਕੇ ਪੈਰ ਧਰ ਰਹੀ ਹੈ।

ਥਾਣਾ ਕੋਟ ਈਸੇ ਖਾਂ ਮੁਖੀ ਸਰਮੁੱਖ ਸਿੰਘ ਨੇ ਕਿਹਾ ਕਿ ਉਨ੍ਹਾਂ ਹਾਲੇ ਇੱਕ ਦਿਨ ਪਹਿਲਾਂ ਹੀ ਥਾਣੇ ਦਾ ਅਹੁਦਾ ਸੰਭਾਲਿਆ ਹੈ। ਇਹ ਮਾਮਲਾ ਪੁਲੀਸ ਚੌਕੀ, ਬਲਖੰਡੀ ਅਧੀਨ ਹੈ। ਚੌਕੀ ਇੰਚਾਰਜ ਬੂਟਾ ਸਿੰਘ ਨੇ ਵੀਡੀਓ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੁਲੀਸ ਚੌਕੀ, ਬਲਖੰਡੀ ਅਧੀਨ ਇੱਕ ਪਿੰਡ ਵਿੱਚ 17 ਨਵੰਬਰ ਨੂੰ ਵਿਆਹ ਸਮਾਗਮ ’ਚ ਗੋਲੀਆਂ ਚੱਲਣ ਦੀ ਇਹ ਵੀਡੀਓ ਹੈ। ਫ਼ਿਰੋਜ਼ਪੁਰ ’ਚ ਕਰੀਬ 15 ਦਿਨ ਪਹਿਲਾਂ ਹੀ ਵਿਆਹ ਸਮਾਗਮ ਵਿੱਚ ਲਾੜੀ ਨੂੰ ਗੋਲੀ ਲੱਗਣ ਦੀ ਘਟਨਾ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ’ਤੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਸੀ ਕਿ ਸੋਚੋ ਤੇ ਵਿਚਾਰ ਕਰੋ ਕਿ ਜਿਸ ਘਰ ਦੇ ਵਿਹੜੇ ਵਿੱਚ ਜਿੱਥੇ ਸ਼ਗਨਾਂ ਦੇ ਗੀਤ ਚੱਲ ਰਹੇ ਸੀ ਉੱਥੇ ਪਲਾਂ ਵਿੱਚ ਧਾਹਾਂ ਵੱਜਣ ਲੱਗ ਗਈਆਂ..।