ਮੁੰਬਈ, 26 ਫਰਵਰੀ
ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਦੇ ਟੀਜ਼ਰ ਨੂੰ ਬੌਲੀਵੁੱਡ ਸਿਤਾਰਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਅਕਸ਼ੈ ਕੁਮਾਰ, ਪ੍ਰਿਅੰਕਾ ਚੋਪੜਾ ਤੇ ਰਣਵੀਰ ਸਿੰਘ ਨੇ ਫਿਲਮ ’ਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਆਲੀਆ ਭੱਟ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ।
ਪ੍ਰਿਅੰਕਾ ਨੇ ਟਵੀਟ ’ਚ ਲਿਖਿਆ, ‘ਆਲੀਆ ਮੇਰੀ ਦੋਸਤ ਮੈਨੂੰ ਤੇਰੇ ’ਤੇ ਮਾਣ ਹੈ। ਮੈਨੂੰ ਆਸ ਹੈ ਕਿ ਤੂੰ ਹਮੇਸ਼ਾ ਇਸੇ ਤਰ੍ਹਾਂ ਚਮਕਦੀ ਰਹੇਂਗੀ। ਗੰਗੂਬਾਈ ਕਾਠੀਆਵਾੜੀ ਨੂੰ ਪੇਸ਼ ਕਰ ਰਹੀ ਹਾਂ। ਸੰਜੈ ਸਰ ਤੇ ਟੀਮ ਨੂੰ ਮੁਬਾਰਕਾਂ @ਆਲੀਆ08 @ ਭੰਸਾਲੀ_ਪ੍ਰੋਡਿਊਸ।’ ਅਕਸ਼ੈ ਕੁਮਾਰ ਨੇ ਟਵੀਟ ਕੀਤਾ, ‘ਗੰਗੂਬਾਈ ਕਾਠੀਆਵਾੜੀ। ਫਿਲਮ ਦਾ ਇਹ ਸਿਰਲੇਖ ਹੀ ਬਹੁਤ ਦਿਲਚਸਪ ਹੈ ਤੇ ਟੀਜ਼ਰ ਇਸ ਵਿੱਚ ਹੋਰ ਵਾਧਾ ਕਰ ਰਿਹਾ ਹੈ। @ਆਲੀਆ08 ਤੇ #ਸੰਜੈ ਲੀਲਾ ਭੰਸਾਲੀ ਸਰ ਮੁੜ ਟੀਮ ਦੇ ਰੂਪ ’ਚ ਆਏ ਹਨ। ਮੈਨੂੰ ਇਸ ਦੀ ਉਡੀਕ ਹੈ।’
ਸ਼ਾਹਰੁਖ ਖਾਨ ਨੇ ਵੀ ‘ਡੀਅਰ ਜ਼ਿੰਦਗੀ’ ਫਿਲਮ ਦੀ ਆਪਣੀ ਸਹਿਯੋਗੀ ਕਲਾਕਾਰ ਨੂੰ ‘ਛੋਟੀ ਲੜਕੀ’ ਆਖ ਕੇ ਸੰਦੇਸ਼ ਲਿਖਿਆ ਹੈ, ‘ਮੈਂ ਅਦਾਕਾਰ ਵਜੋਂ ਹਮੇਸ਼ਾ ਤੇਰੇ ਕੰਮ ਨੂੰ ਦੇਖਦਾ ਹਾਂ ਤੇ ਇਸ ਵਾਰ ਇਹ ਕੁਝ ਖ਼ਾਸ ਦਿਖਾਈ ਦੇ ਰਿਹਾ ਹੈ। ਤੇ ਤੂੰ ਗੈਂਗਸਟਰ ਲੱਗ ਰਹੀ ਹੈਂ। ਫਿਲਮ ਲਈ ਮੇਰੇ ਵੱਲੋਂ ਪਿਆਰ ਤੇ ਸ਼ੁਭਕਾਮਨਾਵਾਂ।’ ਆਲੀਆ ਭੱਟ ਨੇ ਸ਼ਾਹਰੁਖ ਖਾਨ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ ਹੈ, ‘ਮੇਰੇ ਚਹੇਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਧੰਨਵਾਦ।’ ਇਸੇ ਤਰ੍ਹਾਂ ਕਰਨ ਜੌਹਰ ਤੇ ਰਣਵੀਰ ਸਿੰਘ ਨੇ ਵੀ ਟਵੀਟ ਕਰ ਕੇ ਆਲੀਆ ਭੱਟ ਦੀ ਤਾਰੀਫ਼ ਕੀਤੀ ਹੈ। ਦੱਸਣਯੋਗ ਹੈ ਕਿ ਇਸ ਫਿਲਮ ਵਿੱਚ ਸੰਜੈ ਲੀਲਾ ਭੰਸਾਲੀ ਪਹਿਲੀ ਵਾਰ ਆਲੀਆ ਨਾਲ ਕੰਮ ਕਰ ਰਹੇ ਹਨ। ਇਹ ਫਿਲਮ ਗੰਗੂਬਾਈ ਕੋਠੇਵਾਲੀ ਦੇ ਜੀਵਨ ਤੇ ਹੁਸੈਨ ਜ਼ੈਦੀ ਦੀ ਕਿਤਾਬ ‘ਮਾਫ਼ੀਆ ਕੁਈਨਜ਼ ਆਫ਼ ਮੁੰਬਈ’ ਦੇ ਇੱਕ ਅਧਿਆਇ ’ਤੇ ਆਧਾਰਤ ਹੈ।