ਓਟਵਾ, 27 ਮਈ : ਅਕਤੂਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜੋਡੀ ਵਿਲਸਨ ਰੋਅਬੋਲਡ ਤੇ ਜੇਨ ਫਿਲਪੌਟ ਗ੍ਰੀਨ ਪਾਰਟੀ ਦੀਆਂ ਉਮੀਦਵਾਰ ਵਜੋਂ ਹਿੱਸਾ ਨਹੀਂ ਲੈਣਗੀਆਂ। ਇਹ ਜਾਣਕਾਰੀ ਭਰੋਸੇਯੋਗ ਸੂਤਰਾਂ ਵੱਲੋਂ ਦਿੱਤੀ ਗਈ।
ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਸੂਤਰਾਂ ਨੇ ਦੱਸਿਆ ਕਿ ਦੋਵਾਂ ਸਾਬਕਾ ਕੈਬਨਿਟ ਮੰਤਰੀਆਂ ਨੇ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਨਾਲ ਉਸ ਦੀ ਪਾਰਟੀ ਲਈ ਉਮੀਦਵਾਰ ਵਜੋਂ ਖੜ੍ਹੇ ਹੋਣ ਬਾਰੇ ਗੱਲ ਕੀਤੀ ਹੈ। ਇੱਥੋਂ ਤੱਕ ਕਿ ਅਪਰੈਲ ਵਿੱਚ ਵਿਕਟੋਰੀਆ ਵਿੱਚ ਹੋਏ ਮੇਅ ਦੇ ਵਿਆਹ ਵਿੱਚ ਵੀ ਵਿਲਸਨ ਰੇਅਬੋਲਡ ਨੇ ਹਿੱਸਾ ਲਿਆ। ਜਿਸ ਤੋਂ ਇਨ੍ਹਾਂ ਕਿਆਸਅਰਾਈਆਂ ਨੇ ਹੋਰ ਜ਼ੋਰ ਫੜ੍ਹ ਲਿਆ ਕਿ ਰੇਅਬੋਲਡ ਮੇਅ ਦੀ ਗ੍ਰੀਨ ਪਾਰਟੀ ਵਿੱਚ ਜਾ ਸਕਦੀ ਹੈ।
ਇਸ ਸਮੇਂ ਵਿਲਸਨ-ਰੇਅਬੋਲਡ ਵੈਨਕੂਵਰ ਗ੍ਰੈਨਵਿੱਲੇ ਤੋਂ ਅਤੇ ਫਿਲਪੌਟ ਮਾਰਖਮ ਸਟੱਫਵਿੱਲੇ ਤੋਂ ਆਜ਼ਾਦ ਉਮੀਦਵਾਰ ਦੀ ਭੂਮਿਕਾ ਨਿਭਾਅ ਰਹੀਆਂ ਹਨ। ਜਿ਼ਕਰਯੋਗ ਹੈ ਕਿ ਐਸਐਨਸੀ-ਲਾਵਾਲਿਨ ਮਾਮਲੇ ਨੂੰ ਸਹੀ ਢੰਗ ਨਾਲ ਹੈਂਡਲ ਨਾ ਕਰਨ ਦੀ ਫੈਡਰਲ ਸਰਕਾਰ ਦੀ ਕੁਤਾਹੀ ਕਾਰਨ ਦੋਵਾਂ ਐਮਪੀਜ਼ ਨੇ ਲਿਬਰਲ ਕੈਬਨਿਟ ਨੂੰ ਅਲਵਿਦਾ ਆਖ ਦਿੱਤਾ ਸੀ। ਬਾਅਦ ਵਿੱਚ 2 ਅਪਰੈਲ ਨੂੰ ਦੋਵਾਂ ਐਮਪੀਜ਼ ਨੂੰ ਲਿਬਰਲ ਕਾਕਸ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ।
ਦੋ ਹਾਈ ਪ੍ਰੋਫਾਈਲ ਸਾਬਕਾ ਲਿਬਰਲਾਂ ਦੇ ਗ੍ਰੀਨ ਪਾਰਟੀ ਲਈ ਉਮੀਦਵਾਰ ਵਜੋਂ ਖੜ੍ਹੇ ਹੋਣ ਦੀ ਸੰਭਾਵਨਾ ਨਾਲ ਹੀ ਮੇਅ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿੱਛੇ ਜਿਹੇ ਗ੍ਰੀਨ ਪਾਰਟੀ ਦੀ ਵੀ ਚੜ੍ਹਾਈ ਹੋਈ ਹੈ। ਸੋਮਵਾਰ ਨੂੰ ਮੇਅ ਰਸਮੀ ਤੌਰ ਉੱਤੇ ਹਾਊਸ ਆਫ ਕਾਮਨਜ਼ ਵਿੱਚ ਪਾਰਟੀ ਦੇ ਦੂਜੇ ਐਮਪੀ ਦਾ ਸਵਾਗਤ ਕਰੇਗੀ। ਬ੍ਰਿਟਿਸ਼ ਕੋਲੰਬੀਆ ਵਿੱਚ ਨਨੇਮੋ-ਲੇਡੀਸਮਿੱਥ ਜਿ਼ਮਨੀ ਚੋਣ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਪਾਲ ਮੈਨਲੇ ਸੰਹੁ ਚੁੱਕਣਗੇ। ਪ੍ਰਿੰਸ ਐਡਵਰਡ ਆਈਲੈਂਡ ਵਿੱਚ ਹੋਈਆਂ ਚੋਣਾਂ ਵਿੰਚ ਅਪਰੈਲ ਵਿੱਚ ਪਾਰਟੀ ਨੇ ਨੌਂ ਸੀਟਾਂ ਉੱਤੇ ਜਿੱਤ ਹਾਸਲ ਕੀਤੀ। ਓਨਟਾਰੀਓ ਵਿੱਚ ਵੀ ਇਸ ਸਾਲ ਗ੍ਰੀਨ ਪਾਰਟੀ ਦਾ ਪਹਿਲਾ ਐਮਪੀਪੀ ਚੁਣਿਆ ਗਿਆ, 2017 ਵਿੱਚ ਪਾਰਟੀ ਨੇ ਬੀਸੀ ਵਿੱਚ ਤਿੰਨ ਸੀਟਾਂ ਜਿੱਤੀਆਂ ਸਨ ਤੇ ਸੱਤਾ ਵਿੱਚ ਸੰਤੁਲਨ ਕਾਇਮ ਕੀਤਾ ਸੀ।