ਥਾਰ ਵਿਚ ਚਿੱਟੇ ਨਾਲ ਫੜੀ ਜਾਣ ਵਾਲੀ ਪੰਜਾਬ ਪੁਲਿਸ ਦੀ ਮੁਅੱਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਹੁਣ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਫਸ ਚੁੱਕੀ ਹੈ। ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ‘ਤੇ ਇੰਸਟਾ ਕੁਈਨ ਦੇ ਨਾਂ ਨਾਲ ਮਸ਼ਹੂਰ ਅਮਨਦੀਪ ਕੌਰ ਨੂੰ ਬਠਿੰਡਾ ਦੇ ਪਿੰਡ ਬਾਦਲ ਸਥਿਤ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਅੱਜ ਸਵੇਰੇ ਅਮਨਦੀਪ ਕੌਰ ਨੂੰ ਅਫਸਾਨਾ ਖਾਨ ਦੇ ਘਰੋਂ ਇਹ ਕਹਿ ਕੇ ਲੈ ਆਈ ਕਿ ਕੁਝ ਪੁੱਛਗਿੱਛ ਕਰਨੀ ਹੈ। ਫਿਰ ਉਸਨੂੰ ਹਿਰਾਸਤ ਵਿੱਚ ਲੈ ਕੇ ਆਪਣੇ ਨਾਲ ਲੈ ਗਈ। ਜ਼ਿਕਰਯੋਗ ਹੈ ਕਿ ਸਾਬਕਾ ਕਾਂਸਟੇਬਲ ਨੂੰ ਗਾਉਣ ਦਾ ਸ਼ੌਕ ਹੈ ਅਤੇ ਉਸ ਦਾ ਗਾਇਕਾ ਅਫਸਾਨਾ ਖਾਨ ਦੇ ਘਰ ਵੀ ਆਉਣਾ-ਜਾਣਾ ਹੈ। ਦੱਸ ਦੇਈਏ ਕਿ ਅਮਨਦੀਪ ਕੌਰ ਸਿੱਧੂ ਮੂਸੇਵਾਲਾ ਲਈ ਸੁਰੱਖਿਆ ਗਾਰਡ ਵਜੋਂ ਵੀ ਕੰਮ ਕਰ ਚੁੱਕੀ ਹੈ।
ਵਿਜੀਲੈਂਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਗੱਲ ਦਾ ਕੋਈ ਸਪੱਸ਼ਟ ਹਿਸਾਬ ਨਹੀਂ ਹੈ ਕਿ ਅਮਨਦੀਪ ਨੇ ਇੱਕ ਆਮ ਕਾਂਸਟੇਬਲ ਹੋਣ ਦੇ ਬਾਵਜੂਦ ਕਰੋੜਾਂ ਦੀ ਜਾਇਦਾਦ ਕਿਵੇਂ ਇਕੱਠੀ ਕੀਤੀ। ਅਮਨਦੀਪ ਦੀਆਂ ਮੁਸੀਬਤਾਂ ਵਧਦੀਆਂ ਹੀ ਨਜ਼ਰ ਆ ਰਹੀਆਂ ਹਨ।

ਉਸਨੂੰ 3 ਅਪ੍ਰੈਲ ਨੂੰ ਬਠਿੰਡਾ ਦੇ ਬਾਦਲ ਰੋਡ ‘ਤੇ ਉਸਦੀ ਥਾਰ ਐਸਯੂਵੀ ਵਿੱਚੋਂ 17.71 ਗ੍ਰਾਮ ਚਿੱਟਾ (ਹੈਰੋਇਨ) ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਦੌਰਾਨ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਉਹ ਜ਼ਮਾਨਤ ‘ਤੇ ਬਾਹਰ ਆ ਗਈ ਸੀ।
ਇੰਸਟਾ ਕੁਈਨ ਕੋਲ ਰੋਲੈਕਸ ਘੜੀਆਂ, ਮਹਿੰਗੀਆਂ ਕਾਰਾਂ, ਆਲੀਸ਼ਾਨ ਘਰ ਅਤੇ ਬ੍ਰਾਂਡ ਵਾਲੇ ਕੱਪੜੇ ਹਨ ਅਤੇ ਉਸ ਨੂੰ ਰੀਲਾਂ ਬਣਾਉਣ ਦਾ ਸ਼ੌਕ ਹੈ। ਵਿਜੀਲੈਂਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸਦੀ ਕੁੱਲ ਆਮਦਨ ਲਗਭਗ 1.08 ਕਰੋੜ ਰੁਪਏ ਸੀ, ਪਰ ਉਸ ਦੇ ਖਰਚੇ 1.39 ਕਰੋੜ ਰੁਪਏ ਤੋਂ ਵੱਧ ਸਨ। ਇਹ ਫ਼ਰਕ ਸ਼ੱਕ ਦਾ ਵਿਸ਼ਾ ਹੈ ਅਤੇ ਇੱਥੋਂ ਹੀ ਵਿਜੀਲੈਂਸ ਜਾਂਚ ਸ਼ੁਰੂ ਹੁੰਦੀ ਹੈ।