ਟੋਰਾਂਟੋ, 11 ਮਈ : ਵੀਰਵਾਰ ਨੂੰ ਟੋਰਾਂਟੋ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਲਿਬਰਲ ਸਮਰਥਕਾਂ ਨਾਲ ਮੁਲਾਕਾਤ ਲਈ ਇੱਕ ਈਵੈਂਟ ਵਿੱਚ ਪਹੁੰਚੇ ਜਿੱਥੇ ਗ੍ਰਾਸੀ ਨੈਰੋਅਜ਼ ਫਰਸਟ ਨੇਸ਼ਨ ਤੋਂ ਕੁੱਝ ਮੁਜ਼ਾਹਰਾਕਾਰੀਆਂ ਨੇ ਵਿਘਨ ਪਾਇਆ।
ਇਸ ਦੌਰਾਨ ਇੱਕ ਅਣਪਛਾਤੀ ਮਹਿਲਾ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਕਿ ਉੱਤਰਪੱਛਮੀ ਓਨਟਾਰੀਓ ਕਮਿਊਨਿਟੀ ਲਈ ਮਰਕਰੀ ਟਰੀਟਮੈਂਟ ਸੈਂਟਰ ਮੁਹੱਈਆ ਕਰਵਾਉਣ ਦੇ ਵਾਅਦੇ ਉੱਤੇ ਸਰਕਾਰ ਖਰੀ ਉਤਰੇ ਤੇ ਆਪਣਾ ਇਹ ਵਾਅਦਾ ਪੂਰਾ ਕਰੇ। ਉਹ ਟਰੂਡੋ ਨੂੰ ਚਿੱਠੀ ਦੇਣ ਲਈ ਬਾਜਿ਼ੱਦ ਰਹੀ ਤੇ ਇਸ ਲਈ ਲਿਬਰਲ ਐਮਪੀ ਐਡਮ ਵਾਅਨ ਨਾਲ ਚੱਲ ਰਹੇ ਸਵਾਲ ਜਵਾਬ ਸੈਸ਼ਨ ਨੂੰ ਕੱਟ ਕਰਕੇ ਉਸ ਨੇ ਆਪਣੀ ਮੰਗ ਮੰਨੇ ਜਾਣ ਲਈ ਦਬਾਅ ਵੀ ਪਾਇਆ। ਉਸ ਨੇ ਜੋ਼ਰ ਦੇ ਕੇ ਆਖਿਆ ਕਿ ਉਸ ਦੇ ਇਲਾਕੇ ਦੇ ਲੋਕ ਮਰਕਰੀ ਦੇ ਜ਼ਹਿਰ ਕਾਰਨ ਪਰੇਸ਼ਾਨ ਹਨ ਤੇ ਸਰਕਾਰ ਨੂੰ ਇਸ ਦਾ ਹੱਲ ਜਲਦੀ ਕੱਢਣਾ ਚਾਹੀਦਾ ਹੈ।
ਉਸ ਨੇ ਇੱਥੋਂ ਤੱਕ ਆਖਿਆ ਕਿ ਤੁਸੀਂ ਸਾਡੀ ਕਮਿਊਨਿਟੀ ਨੂੰ ਇਸ ਬਾਰੇ ਵਾਅਦਾ ਕੀਤਾ ਸੀ ਤੇ ਵਾਅਦਾ ਕੀਤਿਆਂ ਨੂੰ ਵੀ 500 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਕੁੱਝ ਨਹੀਂ ਹੋਇਆ। ਉਸ ਨੇ ਆਖਿਆ ਕਿ ਉਹ ਜਾਣਦੀ ਹੈ ਕਿ ਤੁਸੀਂ ਬਹੁਤ ਕੇਅਰਿੰਗ ਸ਼ਖਸ ਹੋਂ, ਇਸੇ ਲਈ ਇਹ ਚਿੱਠੀ ਉਹ ਦੇਣਾ ਚਾਹੁੰਦੇ ਹੈ। ਇਸ ਉੱਤੇ ਟਰੂਡੋ ਨੇ ਉਸ ਔਰਤ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਆਖਿਆ ਕਿ ਉਹ ਉੱਥੇ ਬਣੀ ਰਹਿ ਸਕਦੀ ਹੈ। ਉਨ੍ਹਾਂ ਆਖਿਆ ਕਿ ਉਹ ਸਮਝ ਸਕਦੇ ਹਨ ਕਿ ਗ੍ਰਾਸੀ ਨੈਰੋਅਜ਼ ਦੇ ਲੋਕਾਂ ਲਈ ਹਾਲਾਤ ਕਿੰਨੇ ਮੁਸ਼ਕਲ ਹਨ।
ਟਰੂਡੋ ਨੇ ਆਖਿਆ ਕਿ ਫੈਡਰਲ ਸਰਕਾਰ ਪ੍ਰੋਵਿੰਸ਼ੀਅਲ ਸਰਕਾਰ ਨਾਲ ਰਲ ਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸਿ਼ਸ਼ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੰਡੀਜੀਨਸ ਸਰਵਿਸਿਜ਼ ਮੰਤਰੀ ਨੇ ਗ੍ਰਾਸੀ ਨੈਰੋਅਜ਼ ਨਾਲ ਮੁਲਾਕਾਤ ਵੀ ਕੀਤੀ ਹੈ। ਅਸੀਂ ਇਸ ਚੁਣੌਤੀ ਨੂੰ ਜਲਦ ਹੱਲ ਕਰਨ ਲਈ ਕੰਮ ਕਰ ਰਹੇ ਹਾਂ। ਇੱਥੇ ਦੱਸਣਾ ਬਣਦਾ ਹੈ ਕਿ ਗ੍ਰਾਸੀ ਨੈਰੋਅਜ਼ ਦੇ ਮੁਜ਼ਾਹਰਾਕਾਰੀਆਂ ਵੱਲੋਂ ਪਿਛਲੇ ਕੁੱਝ ਮਹੀਨਿਆਂ ਵਿੱਚ ਇਹ ਦੂਜਾ ਈਵੈਂਟ ਹੈ ਜਿਸ ਵਿੱਚ ਵਿਘਨ ਪਾਇਆ ਗਿਆ ਹੈ।