ਲੁਧਿਆਣਾ, 
ਪਿਛਲੇ ਦਿਨੀਂ ਇਥੇ ਦਿਨ ਦਿਹਾੜੇ ਮਾਰੇ ਗਏ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕੇਸ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਹਵਾਲੇ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਇਹ ਫੈਸਲਾ ਵੀਰਵਾਰ ਨੂੰ ਆਰਐੱਸਐੱਸ ਆਗੂਆਂ ਨਾਲ ਮੁਲਾਕਾਤ ਬਾਅਦ ਕੀਤਾ।
ਦੀਵਾਲੀ ਵਾਲੇ ਦਿਨ ਆਰਐੱਸਐੱਸ ਉੱਤਰੀ ਜ਼ੋਨ ਦੇ ਇੰਚਾਰਜ ਰਾਮੇਸ਼ਵਰ ਦੀ ਅਗਵਾਈ ‘ਚ ਵਫ਼ਦ ਚੰਡੀਗੜ੍ਹ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪੁੱਜਿਆ। ਉਨ੍ਹਾਂ ਨੇ ਮੁੱਖ ਮੰਤਰੀ ਨਾਲ ਆਰਐਸਐਸ ਆਗੂ ਗੋਸਾਈਂ ਕਤਲ ਸਮੇਤ ਇਸ ਢੰਗ ਨਾਲ ਹੋਏ ਹੋਰ ਕਤਲਾਂ ਬਾਰੇ ਚਰਚਾ ਕੀਤੀ। ਵਫ਼ਦ ਨੇ ਗੋਸਾਈਂ ਕਤਲ ਕਾਂਡ ਦੀ ਜਾਂਚ ਐਨਆਈਏ ਤੋਂ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ      ਨੂੰ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਸ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਐਨਆਈਏ ਹਵਾਲੇ ਕਰਨ ਤੋਂ ਇਲਾਵਾ ਪਰਿਵਾਰ   ਦੇ ਇਕ ਜੀਅ ਨੂੰ ਨੌਕਰੀ ਅਤੇ ਪੰਜ ਲੱਖ ਰੁਪਏ ਦੀ ਮਦਦ ਦਾ ਐਲਾਨ ਕਰ ਦਿੱਤਾ।  ਪੁਲੀਸ ਕਮਿਸ਼ਨਰ ਆਰਐਨ ਢੋਕੇ ਨੇ ਕਿਹਾ ਕਿ ਐਨਆਈਏ ਨੂੰ ਜਾਂਚ ਸੌਂਪਣ ਬਾਰੇ ਅਜੇ ਤਕ ਉਨ੍ਹਾਂ ਕੋਲ ਕੋਈ ਅਧਿਕਾਰਕ ਪੱਤਰ ਨਹੀਂ ਆਇਆ ਹੈ ਅਤੇ ਪੁਲੀਸ ਜਾਂਚ ਵਿੱਚ ਜੁਟੀ ਹੋਈ ਹੈ। ਦੀਵਾਲੀ ਵਾਲੇ ਦਿਨ ਆਰਐਸਐਸ ਨਾਰਥ ਜ਼ੋਨ ਦੇ ਇੰਚਾਰਜ ਰਾਮੇਸ਼ਵਰ ਅਤੇ ਪੰਜਾਬ ਦੇ ਸਹਿ-ਸੰਚਾਲਕ ਮੁਨੀ ਧਰ ਤੋਂ ਇਲਾਵਾ ਕਈ ਆਗੂ ਗੋਸਾਈਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਪੁੱਜੇ। ਗੋਸਾਈਂ ਦੇ ਕਤਲ ਬਾਅਦ ਇਲਾਕੇ ਨੂੰ ਪੁਲੀਸ ਛਾਉਣੀ ‘ਚ ਤਬਦੀਲ ਕੀਤਾ ਗਿਆ ਹੈ। ਰਵਿੰਦਰ ਗੋਸਾਂਈ ਦੇ ਮਕਾਨ ਨੇੜੇ ਅਜੇ ਵੀ ਪੁਲੀਸ ਦਾ ਸਖ਼ਤ ਪਹਿਰਾ ਹੈ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੈਪਟਨ ਸਰਕਾਰ ਦੇ ਗੋਸਾਈਂ ਕਤਲ ਕਾਂਡ ਦੀ ਜਾਂਚ ਐਨਆਈਏ ਹਵਾਲੇ ਕਰਨ ਬਾਰੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਹੈ।