ਮੁੰਬਈ, 5 ਅਪਰੈਲ

ਬੌਲੀਵੁੱਡ ਅਦਾਕਾਰ ਗੋਵਿੰਦਾ ਤੇ ਅਕਸ਼ੈ ਕੁਮਾਰ ਵੀ ਕਰੋਨਾ ਦੀ ਲਪੇਟ ’ਚ ਆ ਗਏ ਹਨ। ਦੋਵਾਂ ਦੀਆਂ ਕਰੋਨਾ ਰਿਪੋਰਟਾਂ ਅੱਜ ਪਾਜ਼ੇਟਿਵ ਆਈਆਂ ਹਨ।

ਅਦਾਕਾਰ ਗੋਵਿੰਦਾ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਘਰ ਵਿੱਚ ਹੀ ਇਕਾਂਤਵਾਸ ’ਚ ਹੈ। ਉਸ ਦੀ ਰਿਪੋਰਟ ਅੱਜ ਸਵੇਰੇ ਹੀ ਪਾਜ਼ੇਟਿਵ ਆਈ ਸੀ। ਉਸ ਨੇ ਆਪਣੇ ਸੰਪਰਕ ’ਚ ਆਏ ਲੋਕਾਂ ਨੂੰ ਵੀ ਕੋਵਿਡ-19 ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਗੋਵਿੰਦਾ ਨੇ ਕਿਹਾ, ‘ਮੈਂ ਕਰੋਨਾਵਾਇਰਸ ਤੋਂ ਖ਼ੁਦ ਨੂੰ ਸੁਰੱਖਿਅਤ ਰੱਖਣ ਲਈ ਸਾਵਧਾਨੀਆਂ ਵਰਤੀਆਂ, ਫਿਰ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਗਿਆ ਹਾਂ। ਮੇਰੇ ’ਚ ਕਰੋਨਾ ਦੇ ਮਾਮੂਲੀ ਲੱਛਣ ਹੀ ਹਨ। ਪਰਿਵਾਰ ਦੇ ਬਾਕੀ ਸਾਰੇ ਜੀਆਂ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ। ਪਤਨੀ ਸੁਨੀਤਾ, ਜਿਸ ਨੂੰ ਕਰੋਨਾ ਹੋ ਗਿਆ ਸੀ, ਕੁਝ ਸਮਾਂ ਪਹਿਲਾਂ ਹੀ ਠੀਕ ਹੋਈ ਹੈ।’

ਇਸੇ ਤਰ੍ਹਾਂ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਅੱਜ ਦੱਸਿਆ ਕਿ ਉਸ ਨੂੰ ਕਰੋਨਾ ਹੋ ਗਿਆ ਹੈ ਤੇ ਉਸ ਨੇ ਖ਼ੁਦ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਹੈ। ਉਸ ਨੇ ਟਵੀਟ ਕੀਤਾ, ‘ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਮੇਰੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ। ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮੈਂ ਖ਼ੁਦ ਨੂੰ ਘਰ ’ਚ ਇਕਾਂਤਵਾਸ ਕਰ ਲਿਆ ਹੈ।’ ਉਸ ਨੇ ਆਪਣੇ ਸੰਪਰਕ ’ਚ ਆਉਣ ਵਾਲਿਆਂ ਨੂੰ ਵੀ ਕੋਵਿਡ-19 ਟੈਸਟ ਕਰਵਾਉਣ ਲਈ ਆਖਿਆ ਹੈ। ਉਸ ਨੇ ਲਿਖਿਆ ਕਿ ਉਹ ਜਲਦ ਐਕਸ਼ਨ ’ਚ ਵਾਪਸ ਆਵੇਗਾ। ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ ‘ਰਾਮ ਸੇਤੂ’ ਦੀ ਸ਼ੂਟਿੰਗ ਕਰ ਰਿਹਾ ਸੀ। ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਜੈਕੁਲਿਨ ਫਰਨਾਂਡੇਜ਼ ਤੇ ਨੁਸ਼ਰਤ ਭਰੂਚਾ ਵੀ ਮੁੱਖ ਭੂਮਿਕਾਵਾਂ ’ਚ ਹਨ।