ਚੰਡੀਗੜ੍ਹ, 21 ਜੂਨ
ਉੱਘੇ ਰੈਪਰ ਅਤੇ ਗਾਇਕ ਹਨੀ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਭਗੌੜੇ ਗੈਂਗਸਟਰ ਗੋਲਡੀ ਬਰਾੜ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਦਿੱਲੀ ਪੁਲੀਸ ਦੇ ਦਫ਼ਤਰ ’ਚ ਸ਼ਿਕਾਇਤ ਦਿੰਦਿਆਂ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਮਗਰੋਂ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਹਨੀ ਸਿੰਘ ਨੇ ਕਿਹਾ,‘‘ਮੈਂ ਡਰ ਗਿਆ ਹਾਂ ਅਤੇ ਮੇਰਾ ਪੂਰਾ ਪਰਿਵਾਰ ਡਰਿਆ ਹੋਇਆ ਹੈ। ਮੌਤ ਦਾ ਕਿਸ ਨੂੰ ਡਰ ਨਹੀਂ ਹੁੰਦਾ ਹੈ? ਇਹ ਪਹਿਲੀ ਵਾਰ ਹੈ ਜਦੋਂ ਮੈਨੂੰ ਕੋਈ ਧਮਕੀ ਮਿਲੀ ਹੈ। ਉਂਜ ਲੋਕਾਂ ਤੋਂ ਮੈਨੂੰ ਬਹੁਤ ਸਾਰਾ ਪਿਆਰ ਮਿਲਿਆ ਹੈ।’’ ਗਾਇਕ ਨੇ ਕਿਹਾ ਕਿ ਉਸ ਨੂੰ ਅਤੇ ਸਟਾਫ਼ ਨੂੰ ਕੌਮਾਂਤਰੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆਈਆਂ ਅਤੇ ਧਮਕੀ ਦੇਣ ਵਾਲਾ ਆਪਣੇ ਆਪ ਨੂੰ ਗੋਲਡੀ ਬਰਾੜ ਆਖ ਰਿਹਾ ਸੀ। ਹਨੀ ਸਿੰਘ ਨੇ ਕਮਿਸ਼ਨਰ ਨੂੰ ਧਮਕੀ ਦੇ ਸਬੂਤ ਦਿੰਦਿਆਂ ਬੇਨਤੀ ਕੀਤੀ ਹੈ ਕਿ ਉਸ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇ।
ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਸਾਥੀ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮੁੱਖ ਦੋਸ਼ੀ ਅਤੇ ਮਾਸਟਰਮਾਈਂਡ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ ਅਤੇ ਗੋਲਡੀ ਬਰਾੜ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਕਬੂਲਿਆ ਸੀ ਕਿ ਉਸ ਨੇ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਘੜੀ ਸੀ।