ਚੰਡੀਗੜ੍ਹ, 2 ਮਈ
ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਅਤੇ ਗੈਂਗਸਟਰ ਗੋਲਡੀ ਬਰਾੜ ਹੁਣ ਅਧਿਕਾਰਤ ਤੌਰ ’ਤੇ ਕੈਨੇਡਾ ਦੇ ਸਿਖਰਲੇ 25 ਮੋਸਟ ਵਾਂਟੇਡ ਅਪਰਾਧੀਆਂ ਵਿੱਚ ਸ਼ਾਮਲ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ ਉਸ ਨੂੰ ਲੋੜੀਂਦੇ ਅਪਰਾਧੀਆਂ ਵਿੱਚ 15ਵੇਂ ਨੰਬਰ ’ਤੇ ਸੂਚੀਬੱਧ ਕੀਤਾ ਹੈ। ਇਹ ਕੈਨੇਡਾ-ਅਧਾਰਤ ਬੋਲੋ ਪ੍ਰੋਗਰਾਮ ਦੀ ਵੈੱਬਸਾਈਟ ਰਾਹੀਂ ਸਾਹਮਣੇ ਆਇਆ ਹੈ, ਜੋ ਵੱਖ-ਵੱਖ ਕਾਨੂੰਨ ਏਜੰਸੀਆਂ ਤੋਂ ਜਨਤਕ ਹਿੱਤ ਵਿੱਚ ਜਾਣਕਾਰੀ ਨਸ਼ਰ ਕਰਦੀ ਹੈ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਹਾਲ ਹੀ ਵਿੱਚ ਬਰਾੜ ਅਤੇ ਉਸ ਦੇ ਸਾਥੀ ਲਾਰੈਂਸ ਬਿਸ਼ਨੋਈ (ਬਠਿੰਡਾ ਜੇਲ੍ਹ ਵਿੱਚ), ਅਤੇ ਅਨਮੋਲ ਬਿਸ਼ਨੋਈ (ਆਖਰੀ ਵਾਰ ਕੈਲੀਫੋਰਨੀਆ, ਯੂਐਸਏ ਵਿੱਚ ਦੇਖੇ ਗਏ) ਨੂੰ ਚਾਰਜਸ਼ੀਟ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਅਤਿਵਾਦੀ ਸੰਗਠਨਾਂ ਨਾਲ ਸਬੰਧ ਹਨ। ਭਾਰਤ ਨੇ ਕਈ ਵਾਰ ਕੈਨੇਡੀਅਨ ਸਰਕਾਰ ਨੂੰ ਜ਼ੋਰਦਾਰ ਢੰਗ ਨਾਲ ਕਿਹਾ ਹੈ ਕਿ ਗੋਲਡੀ ਬਰਾੜ ਵਰਗੇ ਅਪਰਾਧੀਆਂ ਨੂੰ ਭਾਰਤ ਵਿਰੁੱਧ ਅਪਰਾਧ ਅਤੇ ਦਹਿਸ਼ਤੀ ਕਾਰਵਾਈਆਂ ਲਈ ਆਪਣੀ ਜ਼ਮੀਨ ਦੀ ਵਰਤੋਂ ਨਾ ਕਰਨ ਦਿੱਤੀ ਜਾਵੇ। ਬੋਲੋ ਪ੍ਰੋਗਰਾਮ ਦੀ ਵੈੱਬਸਾਈਟ, ਜਿਸ ਨੇ ਬਰਾੜ ਦੀ ਫੋਟੋ ਪ੍ਰਦਰਸ਼ਿਤ ਕੀਤੀ ਹੈ, ਦਾ ਕਹਿਣਾ ਹੈ ਕਿ ਬੋਲੋ ਪ੍ਰੋਗਰਾਮ ਦਾ ਮੁੱਖ ਟੀਚਾ ਕੈਨੇਡਾ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਬਾਰੇ ਜਨਤਾ ਨੂੰ ਦੱਸਣਾ ਹੈ।