ਐਮਸਟਰੱਡਮ, 12 ਅਗਸਤ
ਭਾਰਤੀ ਟੀਮ ਵਿੱਚੋਂ ਬਾਹਰ ਚੱਲ ਰਹੇ ਮੱਧ ਕ੍ਰਮ ਦੇ ਬੱਲੇਬਾਜ਼ ਸੁਰੇਸ਼ ਰੈਣਾ ਨੇ ਕਿਹਾ ਕਿ ਦੂਜੀ ਵਾਰ ਗੋਡੇ ਦਾ ਆਪਰੇਸ਼ਨ ਕਰਵਾਉਣ ਦਾ ਫ਼ੈਸਲਾ ਮੁਸ਼ਕਲ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਕਾਰਨ ਉਹ ਕੁੱਝ ਮਹੀਨਿਆਂ ਲਈ ਕ੍ਰਿਕਟ ਤੋਂ ਦੂਰ ਹੋ ਜਾਵੇਗਾ।
ਖੱਬੇ ਹੱਥ ਦੇ ਬੱਲੇਬਾਜ਼ ਰੈਣਾ ਨੇ ਕੁੱਝ ਦਿਨ ਪਹਿਲਾਂ ਗੋਡੇ ਦਾ ਆਪਰੇਸ਼ਨ ਕਰਵਾਇਆ ਹੈ। ਇਸ ਸੱਟ ਕਾਰਨ ਉਹ ਪਿਛਲੇ ਸੈਸ਼ਨ ਤੋਂ ਪ੍ਰੇਸ਼ਾਨ ਸੀ ਅਤੇ ਇਸ ਤੋਂ ਉਭਰਨ ਲਈ ਉਸ ਨੂੰ ਘੱਟ ਤੋਂ ਘੱਟ ਛੇ ਹਫ਼ਤੇ ਖੇਡ ਤੋਂ ਦੂਰ ਰਹਿਣਾ ਹੋਵੇਗਾ। ਇਸ ਕਾਰਨ ਉਹ ਮਹੀਨੇ ਦੇ ਅਖ਼ੀਰ ਵਿੱਚ ਸ਼ੁਰੂ ਹੋਣ ਵਾਲੇ ਜ਼ਿਆਦਾਤਰ ਘਰੇਲੂ ਸੈਸ਼ਨ ਵਿੱਚੋਂ ਬਾਹਰ ਰਹੇਗਾ। ਰੈਣਾ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਇਮਾਨਦਾਰੀ ਨਾਲ ਕਹਾਂ ਤਾਂ ਦੂਜੀ ਵਾਰ ਗੋਡੇ ਦਾ ਆਪਰੇਸ਼ਨ ਕਰਵਾਉਣ ਬਾਰੇ ਫ਼ੈਸਲਾ ਮੁਸ਼ਕਲ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਸ ਕਾਰਨ ਮੈਂ ਕੁੱਝ ਮਹੀਨਿਆਂ ਲਈ ਬਾਹਰ ਹੋ ਜਾਵਾਂਗਾ ਅਤੇ ਕੁੱਝ ਹਫ਼ਤੇ ਪਹਿਲਾਂ ਤੱਕ ਮੈਂ ਇਸ ਦੇ ਲਈ ਤਿਆਰ ਨਹੀਂ ਸੀ। ਇਸ ਮਗਰੋਂ ਦਰਦ ਵਧ ਗਿਆ ਅਤੇ ਮੈਨੂੰ ਪਤਾ ਸੀ ਕਿ ਇਸ ’ਚੋਂ ਬਾਹਰ ਨਿਕਲਣ ਦਾ ਸਿਰਫ਼ ਇੱਕ ਹੀ ਢੰਗ ਹੈ।’’
ਭਾਰਤ ਵੱਲੋਂ 18 ਟੈਸਟ, 226 ਇੱਕ ਰੋਜ਼ਾ ਅਤੇ 78 ਟੀ-20 ਕੌਮਾਂਤਰੀ ਮੈਚ ਖੇਡਣ ਵਾਲੇ ਰੈਣਾ ਨੇ ਪਿਛਲੀ ਵਾਰ ਲੀਡਜ਼ ਵਿੱਚ ਜੁਲਾਈ 2018 ਵਿੱਚ ਇੰਗਲੈਂਡ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਰੈਣਾ ਨੇ ਖੁਲਾਸਾ ਕੀਤਾ, ‘‘ਬੀਤੇ ਕੁੱਝ ਸਾਲਾਂ ਤੋਂ ਹਾਲਾਂਕਿ ਦਰਦ ਹੋ ਰਿਹਾ ਸੀ। ਇਸ ਦਰਦ ਦਾ ਮੇਰੀ ਖੇਡ ’ਤੇ ਅਸਰ ਨਾ ਪਵੇ ਇਸ ਲਈ ਟਰੇਨਰਾਂ ਨੇ ਮੇਰੀ ਕਾਫ਼ੀ ਮਦਦ ਕੀਤੀ।’’ ਰੈਣਾ ਨੇ ਸਾਥ ਦੇਣ ਲਈ ਆਪਣੇ ਡਾਕਟਰਾਂ, ਪਰਿਵਾਰ ਅਤੇ ਦੋਸਤਾਂ ਦਾ ਧੰਨਵਾਦ ਕੀਤਾ।