ਕੋਲੰਬੋ, 2 ਜਨਵਰੀ

ਸ੍ਰੀਲੰਕਾ ਦੇ ਗੱਦੀਉਂ ਲਾਹੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਅਮਰੀਕੀ ਨਾਗਰਿਕਤਾ ਬਹਾਲ ਕਰਵਾਉਣ ਲਈ ਅਰਜ਼ੀ ਦਿੱਤੀ ਹੈ। ਮੀਡੀਆ ਰਿਪੋਰਟਾਂ ਵਿਚ ਪਤਾ ਲੱਗਿਆ ਹੈ ਕਿ ਰਾਜਪਕਸੇ ਨੂੰ ਕਿਸੇ ਹੋਰ ਦੇਸ਼ ਵਿਚ ਸ਼ਰਣ ਨਹੀਂ ਮਿਲੀ ਜਿਸ ਕਾਰਨ ਉਨ੍ਹਾਂ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਿਚ ਦਿਲਚਸਪੀ ਦਿਖਾਈ ਹੈ। ਦੱਸਣਾ ਬਣਦਾ ਹੈ ਕਿ ਲੋਕਾਂ ਦੇ ਭਾਰੀ ਵਿਰੋਧ ਕਾਰਨ ਰਾਜਪਕਸੇ ਪਿਛਲੇ ਸਾਲ ਜੁਲਾਈ ਵਿਚ ਦੇਸ਼ ਛੱਡ ਕੇ ਚਲੇ ਗਏ ਸਨ। ਦਿ ਸੰਡੇ ਟਾਈਮਜ਼ ਵਿਚ ਛਪੀ ਖਬਰ ਅਨੁਸਾਰ ਅਮਰੀਕੀ ਸਰਕਾਰ ਨੇ ਹਾਲੇ ਇਸ ਬਾਰੇ ਫੈਸਲਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਸਾਲ 2019 ਵਿਚ ਉਨ੍ਹਾਂ ਰਾਸ਼ਟਰਪਤੀ ਦੀ ਚੋਣ ਲੜਨ ਕਾਰਨ ਅਮਰੀਕੀ ਨਾਗਰਿਕਤਾ ਛੱਡ ਦਿੱਤੀ ਸੀ।