ਵਾਸ਼ਿੰਗਟਨ, 15  ਦਸੰਬਰ

ਅਮਰੀਕਾ ਨੇ ਪਹਿਲੀ ਵਾਰ ਵਿੱਤੀ ਵਰ੍ਹੇ 2023 ਵਿਚ ਆਰਜ਼ੀ ਤੌਰ ’ਤੇ ਗੈਰ-ਹੁਨਰਮੰਦ ਕਾਮਿਆਂ ਲਈ ਵਾਧੂ 64,716 ਐਚ-2ਬੀ ਵੀਜ਼ਾ ਉਪਲਬਧ ਕਰਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਅਮਰੀਕੀ ਕਾਰੋਬਾਰ ਜ਼ਿਆਦਾ ਲੋੜ ਵੇਲੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। ਐਚ-2ਬੀ ਵੀਜ਼ਾ ਰੁਜ਼ਗਾਰਦਾਤਾ ਨੂੰ ਆਰਜ਼ੀ ਤੌਰ ’ਤੇ ਵਿਦੇਸ਼ੀ ਕਾਮਿਆਂ ਨੂੰ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਹ ਵਰਕਰ ਗੈਰ-ਖੇਤੀਬਾੜੀ ਕੰਮਾਂ ਜਾਂ ਸੇਵਾਵਾਂ ਲਈ ਸੀਮਤ ਸਮੇਂ ਲਈ ਸੱਦੇ ਜਾਂਦੇ ਹਨ ਜੋ ਕਿ ਸੀਜ਼ਨਲ ਲੋੜ ਮੁਤਾਬਕ ਇਕੋ ਵਾਰ ਲਈ ਹੁੰਦਾ ਹੈ। ਇਸ ਵੀਜ਼ਾ ਤਹਿਤ ਜ਼ਿਆਦਾ ਜਾਂ ਤੁਰੰਤ ਲੋੜ ਮੁਤਾਬਕ ਵੀ ਵਰਕਰ ਸੱਦੇ ਜਾਂਦੇ ਹਨ। ਇਸ ਕਦਮ ਦਾ ਹਾਲਾਂਕਿ ਭਾਰਤੀ ਨਾਗਰਿਕਾਂ ਉਤੇ ਬਹੁਤਾ ਅਸਰ ਨਾ ਪੈਣ ਦੀ ਸੰਭਾਵਨਾ ਹੈ ਕਿਉਂਕਿ ਜ਼ਿਆਦਾਤਰ ਭਾਰਤੀ ਇਸ ਵੀਜ਼ਾ ਲਈ ਅਪਲਾਈ ਨਹੀਂ ਕਰਦੇ। ਅਮਰੀਕਾ ਆਉਣ ਵਾਲੇ ਜ਼ਿਆਦਾਤਰ ਭਾਰਤੀ ਬੇਹੱਦ ਹੁਨਰਮੰਦ ਪੇਸ਼ੇਵਰ ਹੁੰਦੇ ਹਨ ਜੋ ਅਮਰੀਕੀ ਕੰਪਨੀਆਂ ਵਿਚ ਮੁਹਾਰਤ ਵਾਲੇ ਤਕਨੀਕੀ ਤੇ ਹੋਰ ਅਹੁਦਿਆਂ ਉਤੇ ਕੰਮ ਕਰਦੇ ਹਨ। ਇਨ੍ਹਾਂ ਵੱਲੋਂ ਐਚ-1ਬੀ ਵੀਜ਼ਾ ਲਈ ਅਰਜ਼ੀ ਦਿੱਤੀ ਜਾਂਦੀ ਹੈ।