ਚੰਡੀਗੜ੍ਹ/ਨਵੀਂ ਦਿੱਲੀ, 22 ਸਤੰਬਰ
ਗੈਂਗਸਟਰ ਸੁਖਦੂਲ ਸਿੰਘ ਉਰਫ਼ ਸੁੱਖਾ ਦੁੱਨੇਕੇ ਦੀ ਕੁਝ ਅਣਪਛਾਤਿਆਂ ਨੇ ਕੈਨੇਡਾ ਦੇ ਵਿਨੀਪੈੱਗ ਸ਼ਹਿਰ ’ਚ ਹੱਤਿਆ ਕਰ ਦਿੱਤੀ ਹੈ। ਸੁੱਖਾ ਦੁਨੇਕੇ ਪੰਜਾਬ ਦੇ ਅਤਿ ਲੋੜੀਂਦੇ ਅਪਰਾਧੀਆਂ ਵਿਚੋਂ ਇਕ ਸੀ। ਸੂਤਰਾਂ ਨੇ ਕਿਹਾ ਦੁਨੇਕੇ ਦੀ ਹੱਤਿਆ ਗਰੋਹਾਂ ਦੀ ਆਪਸੀ ਰੰਜਿਸ਼ ਦਾ ਨਤੀਜਾ ਲੱਗਦੀ ਹੈ। ਸੂਤਰਾਂ ਮੁਤਾਬਕ ਕੈਨੇਡਾ ਆਧਾਰਿਤ ਗੈਂਗਸਟਰ, ਜਿਸ ਖ਼ਿਲਾਫ਼ ਕਤਲ, ਇਰਾਦਾ ਕਤਲ ਤੇ ਲੁੱਟ ਸਣੇ ਘੱਟੋ-ਘੱਟ 18 ਕੇਸ ਦਰਜ ਸਨ, ਦੀ ਹੱਤਿਆ ਕੈਨੇਡਾ ਦੇ ਸਮੇਂ ਮੁਤਾਬਕ ਬੁੱਧਵਾਰ ਰਾਤ ਨੂੰ ਕੀਤੀ ਗਈ ਸੀ।
ਗੈਂਗਸਟਰ ਦੀ ਹੱਤਿਆ ਦੀ ਖ਼ਬਰ ਅਜਿਹੇ ਮੌਕੇ ਆਈ ਹੈ ਜਦੋਂ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ (ਜੂਨ ਵਿੱਚ ਹੋਈ) ਹੱਤਿਆ ਨੂੰ ਲੈ ਕੇ ਭਾਰਤ ਤੇ ਕੈਨੇਡਾ ਦਰਮਿਆਨ ਕੂਟਨੀਤਕ ਟਕਰਾਅ ਸਿਖਰ ’ਤੇ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਹੱਤਿਆ ’ਚ ਕਥਿਤ ਭਾਰਤੀ ਏਜੰਟਾਂ ਦੀ ‘ਸੰਭਾਵੀ ਸ਼ਮੂਲੀਅਤ’ ਦਾ ਦਾਅਵਾ ਕੀਤਾ ਸੀ।
ਅਧਿਕਾਰਤ ਸੂਤਰਾਂ ਮੁਤਾਬਕ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਕਲਾਂ ਨਾਲ ਸਬੰਧਤ ਗੈਂਗਸਟਰ ਸੁੱਖਾ ਦੁੱਨੇਕੇ ਦਸੰਬਰ 2017 ਵਿੱਚ ਕੈਨੇਡਾ ਭੱਜ ਗਿਆ ਸੀ। ਦੁੱਨੇਕੇ, ਦਵਿੰਦਰ ਬੰਬੀਹਾ ਗਰੋਹ ਦਾ ਸਰਗਰਮ ਮੈਂਬਰ ਸੀ ਤੇ ਕੈਨੇਡਾ ਆਧਾਰਿਤ ਗੈਂਗਸਟਰ ਤੋਂ ਦਹਿਸ਼ਤਗਰਦ ਬਣੇ ਅਰਸ਼ ਡੱਲਾ, ਗੈਂਗਸਟਰ ਲੱਕੀ ਪਟਿਆਲ, ਮਲੇਸ਼ੀਆ ਆਧਾਰਿਤ ਗੈਂਗਸਟਰ ਜੈਕਪਾਲ ਸਿੰਘ ਉਰਫ਼ ਲਾਲੀ ਤੇ ਹੋਰਨਾਂ ਅਪਰਾਧੀਆਂ ਨਾਲ ਨੇੜਿਓਂ ਜੁੜਿਆ ਹੋੲਿਆ ਸੀ। ਦੁੱਨੇਕੇ ਵਿਦੇਸ਼ੀ ਸਰਜ਼ਮੀਨ ’ਤੇ ਬੈਠਾ ਗਰੋਹ ਦੀਆਂ ਸਰਗਰਮੀਆਂ ਚਲਾ ਰਿਹਾ ਸੀ। ਸਥਾਨਕ ਸੰਪਰਕਾਂ ਜ਼ਰੀਏ ਪੰਜਾਬ ਤੇ ਗੁਆਂਢੀ ਇਲਾਕਿਆਂ ਵਿੱਚ ਫਿਰੌਤੀ, ਦੂਜੇ ਰਵਾਇਤੀ ਗਰੋਹਾਂ ਦੇ ਮੈਂਬਰਾਂ ਦੀ ਹੱਤਿਆ ਤੇ ਵਿਦੇਸ਼ ਵਿਚਲੇ ਆਪਣੇ ਸਾਥੀਆਂ ਦੇ ਨੈੱਟਵਰਕ ਨੂੰ ਮੈਨੇਜ ਕਰਨ ਵਿਚ ਉਸ ਦੀ ਸ਼ਮੂਲੀਅਤ ਸੀ। ਪਿਛਲੇ ਕੁਝ ਮਹੀਨਿਆਂ ਵਿੱਚ ਦੁੱਨੇਕੇ ਵੱਲੋਂ ਪੰਜਾਬ ਤੇ ਨੇੜਲੇ ਇਲਾਕਿਆਂ ਵਿੱਚ ਫਿਰੌਤੀ ਲਈ ਕੀਤੀਆਂ ਜਾਂਦੀਆਂ ਫੋਨ ਕਾਲਾਂ ਵਧ ਗਈਆਂ ਸਨ। ਇਸ ਸਾਲ ਜਨਵਰੀ ਵਿੱਚ ਦੁੱਨੇਕੇ ਦੇ ਦੋ ਸਾਥੀਆਂ- ਕੁਲਵਿੰਦਰ ਸਿੰਘ ਉਰਫ਼ ਕਿੰਦਾ ਤੇ ਪਰਮਜੀਤ ਸਿੰਘ ਪੰਮਾ ਨੂੰ ਬਠਿੰਡਾ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਤਿੰਨ ਪਿਸਤੌਲਾਂ ਤੇ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਸੀ। ਇਹ ਦੋਵੇਂ ਦੁੱਨੇਕੇ ਵੱਲੋਂ ਚਲਾਏ ਜਾਂਦੇ ਫਿਰੌਤੀ ਰੈਕੇਟ ਦਾ ਹਿੱਸਾ ਸਨ। ਦੁੱਨੇਕੇ ਨੂੰ ਸਾਲ 1990 ਵਿੱਚ ਆਪਣੇ ਪਿਤਾ ਦੀ ਮੌਤ ਮਗਰੋਂ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਤਰਸ ਦੇ ਆਧਾਰ ’ਤੇ ਚਪੜਾਸੀ ਦੀ ਨੌਕਰੀ ਮਿਲੀ ਸੀ। ਸੂਤਰਾਂ ਮੁਤਾਬਕ ਦੁੱਨੇਕੇ ਨੇ ਅੱਠ ਸਾਲ ਇਹ ਨੌਕਰੀ ਕੀਤੀ ਤੇ ਇਸ ਦੌਰਾਨ ਉਸ ਨੂੰ ਨਸ਼ੇ ਦੀ ਆਦਤ ਲੱਗ ਗਈ। ਦੁੱਨੇਕੇ ਖਿਲਾਫ਼ 2022 ਵਿੱਚ ਲੁਕਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ। ਪਿਛਲੇ ਸਾਲ ਨਕੋਦਰ ਨੇੜੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਮਾਮਲੇ ਵਿੱਚ ਵੀ ਦੁੱਨੇਕੇ ਦਾ ਨਾਂ ਸਾਹਮਣੇ ਆਇਆ ਸੀ। ਗੈਂਗਸਟਰ ’ਤੇ ਹੱਤਿਆ ਲਈ ਸ਼ੂਟਰਾਂ ਦਾ ਪ੍ਰਬੰਧ ਕਰਨ ਦਾ ਦੋਸ਼ ਸੀ। ਜਨਵਰੀ 2022 ਵਿੱਚ ਬੰਬੀਹਾ ਗੈਂਗ ਦੇ ਸ਼ੂਟਰਾਂ ਵੱਲੋਂ ਦੂਜੇ ਗਰੋਹ ਦੇ ਦੋ ਮੈਂਬਰਾਂ- ਮਨਪ੍ਰੀਤ ਸਿੰਘ ਤੇ ਵਿੱਕੀ ਸਿੰਘ ਦੀ ਹੱਤਿਆ ਵਿੱਚ ਵੀ ਦੁੱਨੇਕੇ ਦਾ ਨਾਮ ਬੋਲਿਆ ਸੀ।