ਚੰਡੀਗੜ੍ਹ, 23 ਨਵੰਬਰ
ਪੰਜਾਬ ਪੁਲੀਸ ਦੇ ਐੱਸਪੀ ਐੱਸ.ਪੀ.ਐੱਸ. ਖੱਖ ਅਤੇ ਡੀਐੱਸਪੀ ਬਿਕਰਮਜੀਤ ਸਿੰਘ ’ਤੇ ਅਧਾਰਿਤ ਟੀਮ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਭਾਰਤ ਲਿਆਉਣ ਲਈ ਅਰਮੀਨੀਆ ਚਲੀ ਗਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਪੁਲੀਸ ਦੀ ਸਿਫਾਰਿਸ਼ ’ਤੇ ਸੂਬੇ ਦੇ ਗ੍ਰਹਿ ਵਿਭਾਗ ਨੇ ਪੁਲੀਸ ਟੀਮ ਨੂੰ ਅਰਮੀਨੀਆ ਜਾ ਕੇ ਬੁੱਢਾ ਨੂੰ ਲਿਆਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਐੱਸ.ਪੀ.ਐੱਸ. ਖੱਖ ਨੇ ਇਸ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀ.ਜੀ.ਪੀ. ਨਾਲ ਹੀ ਗੱਲਬਾਤ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਨੇ ਕੇਂਦਰੀ ਖੁਫ਼ੀਆ ਏਜੰਸੀਆਂ ਦੀ ਮਦਦ ਨਾਲ ਸੁਖਪ੍ਰੀਤ ਸਿੰਘ ਬੁੱਢਾ ਅਤੇ ਗੌਰਵ ਪਟਿਆਲ ਨੂੰ ਅਰਮੀਨੀਆ ਵਿੱਚ ਗ੍ਰਿਫ਼ਤਾਰ ਕਰਵਾ ਦਿੱਤਾ ਸੀ। ਪੰਜਾਬ ਪੁਲੀਸ ਦੀ ਗੁਪਤ ਸੂਚਨਾ ਮੁਤਾਬਕ ਸੁਖਪ੍ਰੀਤ ਸਿੰਘ ਬੁੱਢਾ ਨੇ ਦੁਬਈ ਵਿਚਲੇ ਸਫ਼ਾਰਤਖਾਨੇ ਤੋਂ ਆਪਣਾ ਪਾਸਪੋਰਟ ਨਵਿਆ ਲਿਆ ਸੀ ਤੇ ਉਸ ਤੋਂ ਬਾਅਦ ਵਿਦੇਸ਼ ਉਡਾਰੀ ਮਾਰ ਗਿਆ ਸੀ। ਇਸੇ ਤਰ੍ਹਾਂ ਗੌਰਵ ਪਟਿਆਲ ਆਪਣੇ ਭਰਾ ਦੇ ਪਾਸਪੋਰਟ ’ਤੇ ਵਿਦੇਸ਼ ਚਲੇ ਗਿਆ ਸੀ। ਡੀ.ਜੀ.ਪੀ. ਦਫ਼ਤਰ ਦੇ ਸੂਤਰਾਂ ਦਾ ਦੱਸਣਾ ਹੈ ਕਿ ਗੌਰਵ ਪਟਿਆਲ ਦੀ ਹਵਾਲਗੀ ਹਾਲ ਦੀ ਘੜੀ ਅਟਕੀ ਹੋਈ ਹੈ ਤੇ ਟੀਮ ਵੱਲੋਂ ਸਿਰਫ਼ ਸੁਖਪ੍ਰੀਤ ਸਿੰਘ ਬੁੱਢਾ ਨੂੰ ਹੀ ਪੰਜਾਬ ਲਿਆਂਦੇ ਜਾਣ ਦੀ ਉਮੀਦ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ
ਗੈਂਗਸਟਰ ਪੰਜਾਬ ਪੁਲੀਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਸੂਤਰਾਂ ਅਨੁਸਾਰ ਸੁਖਪ੍ਰੀਤ ਬੁੱਢਾ ਇੱਕ ਤੋਂ ਵੱਧ ਵਾਰੀ ਦੁਬਈ ਗਿਆ। ਉਥੋਂ ਪਾਸਪੋਰਟ ਨਵਿਆ ਕਿ ਅਰਮੀਨੀਆ ਗਿਆ। ਇਹ ਗੈਂਗਸਟਰ ਦੁਬਈ ਤੋਂ ਵਾਪਸ ਇੱਕ ਵਾਰ ਭਾਰਤ ਵੀ ਆਇਆ ਪਰ ਸੂਬਾਈ ਅਤੇ ਕੇਂਦਰੀ ਖੁਫ਼ੀਆ ਏਜੰਸੀਆਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗ ਸਕੀ।
ਪੁਲੀਸ ਸੂਤਰਾਂ ਮੁਤਾਬਕ ਗੈਂਗਸਟਰਾਂ ਵੱਲੋਂ ਨਾਂਅ ਬਦਲਕੇ ਪਾਸਪੋਰਟ ਹਾਸਲ ਕੀਤੇ ਜਾਂਦੇ ਹਨ। ਮਿਸਾਲ ਦੇ ਤੌਰ ’ਤੇ ਇੱਕ ਗੈਂਗਸਟਰ ਗੁਰਜੀਤ ਸਿੰਘ ਲਾਡਾ ਨੇ ਉੱਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ਤੋਂ, ਦਵਿੰਦਰ ਸਿੰਘ ਬਿੱਟਾ ਨੇ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ, ਗੋਪੀ ਘਣਸ਼ਾਮਪੁਰੀਆ ਨੇ ਬਰੇਲੀ ’ਚ ਪਾਸਪੋਰਟ ਅਪਲਾਈ ਕੀਤਾ ਸੀ ਤੇ ਪੁਲੀਸ ਨੂੰ ਮੌਕੇ ਸਿਰ ਪਤਾ ਲੱਗ ਗਿਆ। ਪੁਲੀਸ ਦੀ ਜਾਂਚ ਦੌਰਾਨ ਇਹ ਵੀ ਤੱਥ ਸਾਹਮਣੇ ਆਏ ਹਨ ਕਿ ਗੁਰਜੀਤ ਸਿੰਘ ਲਾਡਾ ਅਤੇ ਦਵਿੰਦਰ ਸਿੰਘ ਨੇ ਆਪਣੀ ਅਸਲ ਪਛਾਣ ਛੁਪਾ ਕੇ ਹੋਰਨਾਂ ਨਾਵਾਂ ’ਤੇ ਪਾਸਪੋਰਟ ਹਾਸਲ ਕੀਤਾ ਹੈ।ਪੰਜਾਬ ਪੁਲੀਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਸਮੇਂ ਦਰਜਨ ਤੋਂ ਵੱਧ ਅਜਿਹੇ ਗੈਂਗਸਟਰ ਹਨ ਜੋ ਪੁਲੀਸ ਦੀ ਪਹੁੰਚ ਤੋਂ ਦੂਰ ਹਨ। ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ ਦੇ ਅੰਦਰੋਂ ਹੀ ਕਾਰੋਬਾਰ ਚਲਾਉਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਲੱਗੀਆਂ ਹਨ। ਸੂਬੇ ਦੇ ਆਮ ਲੋਕਾਂ ’ਚ ਨਾ ਸਿਰਫ ਗੈਂਗਸਟਰਾਂ ਦੀਆਂ ਗਤੀਵਿਧੀਆਂ ਦਾ ਡਰ ਤੇ ਸਹਿਮ ਬਣਿਆ ਹੋਇਆ ਸਗੋਂ ਪੰਜਾਬ ਪੁਲੀਸ ਗੈਂਗਸਟਰਾਂ ਤੋਂ ਏਨਾ ਜ਼ਿਆਦਾ ਖੌਫ ਖਾਂਦੀ ਹੈ ਕਿ ਅੱਧੀ ਦਰਜਨ ਪੁਲੀਸ ਅਫ਼ਸਰਾਂ ਨੂੰ ਹਮਲਿਆਂ ਤੋਂ ਬਚਾਉਣ ਲਈ ਬੁਲੇਟ ਪਰੂਫ਼ ਗੱਡੀਆਂ ਦਿੱਤੀਆਂ ਹੋਈਆਂ ਹਨ। ਮੁਹਾਲੀ, ਲੁਧਿਆਣਾ, ਜਲੰਧਰ, ਬਠਿੰਡਾ ਅਤੇ ਅੰਮ੍ਰਿਤਸਰ ਅਜਿਹੇ ਸ਼ਹਿਰ ਮੰਨੇ ਜਾਂਦੇ ਸਨ ਜਿੱਥੇ ਸਰਗਰਮ ਗੈਂਗਸਟਰਾਂ ਦੀ ਭਾਰੀ ਦਹਿਸ਼ਤ ਹੈ। ਪੁਲੀਸ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਸਾਲ 2010 ਤੋਂ ਬਾਅਦ ਗੈਂਗਸਟਰਾਂ ਦੀਆਂ ਗਤੀਵਿਧੀਆਂ ਉਦੋਂ ਰੜਕਣ ਲੱਗੀਆਂ ਜਦੋਂ ਇਨ੍ਹਾਂ ਦੇ ਹੱਥ ਅਧੁਨਿਕ ਕਿਸਮ ਦੇ ਖ਼ਤਰਨਾਕ ਹਥਿਆਰ ਆ ਗਏ ਅਤੇ ਫਿਰੌਤੀ ਲਈ ਅਗਵਾ ਦੀਆਂ ਘਟਨਾਵਾਂ ਵਧਣ ਲੱਗੀਆਂ।