ਅੰਮ੍ਰਿਤਸਰ, 31 ਅਗਸਤ

ਗੈਂਗਸਟਰ ਕਮਲ ਬੋਰੀ ਦੀਆਂ ਪੁਲੀਸ ਅਧਿਕਾਰੀਆਂ ਨਾਲ ਨਜ਼ਦੀਕੀਆਂ ਜਨਤਕ ਹੋਣ ਮਗਰੋਂ ਹੁਣ ਉਸ ਦੀਆਂ ਤਸਵੀਰਾਂ ਸਿਆਸੀ ਆਗੂਆਂ ਨਾਲ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ‘ਆਪ’ ਵਿਧਾਇਕ ਜਸਬੀਰ ਸਿੰਘ ਸ਼ਾਮਲ ਹਨ। ਜਾਣਕਾਰੀ ਅਨੁਸਾਰ ਕਮਲ ਬੋਰੀ ਖ਼ਿਲਾਫ਼ ਕਈ ਅਪਰਾਧਕ ਮਾਮਲੇ ਦਰਜ ਹਨ। ਹਾਲ ਹੀ ’ਚ ਉਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਪੁਲੀਸ ਅਧਿਕਾਰੀਆਂ ਨਾਲ ਸਾਹਮਣੇ ਆਈਆਂ ਸਨ, ਜਿਥੇ ਉਹ ਇੱਕ ਜਨਮ ਦਿਨ ਦੀ ਪਾਰਟੀ ’ਚ ਇਕੱਠੇ ਸਨ। ਇਹ ਮਾਮਲਾ ਜਨਤਕ ਹੋਣ ਤੋਂ ਬਾਅਦ ਪੁਲੀਸ ਵਿਭਾਗ ਨੇ ਦੋ ਡੀਐੱਸਪੀ ਅਤੇ ਪੰਜ ਇੰਸਪੈਕਟਰਾਂ ਦੇ ਤਬਾਦਲੇ ਕਰ ਦਿੱਤੇ ਗਏ ਸਨ। ਇਸੇ ਦੌਰਾਨ ਪੁਲੀਸ ਨੇ ਕਮਲ ਬੋਰੀ ਨੂੰ ਵੀ ਇੱਕ ਹੋਰ ਨਵੇਂ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ, ਜੋ ਹੁਣ ਪੁਲੀਸ ਰਿਮਾਂਡ ’ਤੇ ਹੈ। ਹੁਣ ਕਮਲ ਬੋਰੀ ਦੀ ਇੱਕ ਤਸਵੀਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਸਾਹਮਣੇ ਆਈ ਹੈ। ਦਿਲਚਸਪ ਗੱਲ ਇਹ ਹੈ ਕਿ ਕਥਿਤ ਗੈਂਗਸਟਰ ਨਾਲ ਪੁਲੀਸ ਅਧਿਕਾਰੀਆਂ ਦੀ ਨੇੜਤਾ ਸਾਹਮਣੇ ਆਉਣ ਤੋਂ ਬਾਅਦ ਸੰਸਦ ਮੈਂਬਰ ਨੇ ਮੁੱਖ ਮੰਤਰੀ ਨੂੰ ਇੱਕ ਪੱਤਰ ਭੇਜ ਕੇ ਇਸ ਮਾਮਲੇ ਨੂੰ ਉਭਾਰਿਆ ਸੀ। ਉਨ੍ਹਾਂ ਨੇ ਪੁਲੀਸ ਅਤੇ ਅਪਰਾਧਕ ਲੋਕਾਂ ਦੇ ਗੱਠਜੋੜ ’ਤੇ ਵੀ ਟਿੱਪਣੀ ਕੀਤੀ ਸੀ।