ਮੈਨੂੰ ਕੈਪਟਨ ਨੇ ਕੀਤਾ ਸੀ ਕਾਂਗਰਸ ’ਚ ਸ਼ਾਮਲ

ਚੰਡੀਗੜ੍ਹ, 10 ਦਸੰਬਰ:  ਸੂਬੇ ਦੇ ਕਾਂਗਰਸੀ ਤੇ ਅਕਾਲੀ ਦਲ ਦੇ ਲੀਡਰਾਂ ਵਿਚਕਾਰ ਗੈਂਗਸਟਰਾਂ ਨੂੰ ਲੈ ਕੇ ਹੋ ਰਹੀ ਬਿਆਨਬਾਜ਼ੀ ਬਾਅਦ ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਜ਼ਿਲ੍ਹੇ ਦੇ ਪਿੰਡ ਜਗ੍ਹਾ ਰਾਮ ਤੀਰਥ ਦੀ ਜੰਬਰ ਬਸਤੀ ਦੀ  ਸਾਬਕਾ ਮਹਿਲਾ  ਸਰਪੰਚ ਦੇ ਪਤੀ ਹਰਜਿੰਦਰ ਸਿੰਘ ਬਿੱਟੂ ਦੀ ਤਸਵੀਰ ਵਾਇਰਲ ਕਰਕੇ ਗੈਂਗਸਟਰ ਦੱਸਣ ਦੇ ਮਾਮਲੇ ਵਿਚ ਬਿੱਟੂ ਨੇ ਮਾਨਹਾਣੀ ਦਾ ਕੇਸ ਦਾਇਰ ਕਰਨ ਦਾ ਐਲਾਨ ਕੀਤਾ ਹੈ।  ਬਿੱਟੂ ਸਰਪੰਚ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਉਸਨੂੰ ਗੈਂਗਸਟਰ ਕਹਿਣ ਵਾਲੇ ਆਗੂ ਦੱਸਣ ਕਿ ਕਿਸ ਅਧਾਰ ’ਤੇ ਉਸਨੂੰ ਗੈਂਗਸਟਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਉਸਨੇ ਕਿਹਾ ਮੁੱਖ ਮੰਤਰੀ ਜਿਹੜੇ ਸੱਤ ਕੇਸਾਂ ਦੀ ਗੱਲ ਕਰ ਰਹੇ ਹਨ, ਉਨ੍ਹਾਂ ਵਿੱਚੋਂ ਅਦਾਲਤ ਉਸਨੂੰ ਬਾਇੱਜਤ ਬਰੀ ਕਰ ਚੁੱਕੀ ਹੈ। ਇਸ ਸਮੇਂ ਉਸ ਉੈੱਪਰ ਕੋਈ ਕੇਸ ਦਰਜ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿਆਸੀ ਰੰਜਿਸ਼ ਤਹਿਤ ਉਸਨੂੰ ਕਈ ਝੂਠੇ ਕੇਸਾਂ ਵਿਚ ਫ਼ਸਾਇਆ ਗਿਆ ਸੀ, ਇਸੇ ਕਾਰਨ ਅਦਾਲਤ ਉਸਨੂੰ ਬਰੀ ਕਰ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਤਕ ਉਸਨੇ ਕਿਸੇ ਵੀ ਗੈਂਗਸਟਰ ਨੂੰ ਕਦੇ ਪਨਾਹ ਨਹੀਂ ਦਿੱਤੀ ਤੇ ਨਾਂ ਹੀ ਉਸਦਾ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਨਸ਼ੇ ਖਤਮ ਕਰਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਗਿ੍ਰਫ਼ਤਾਰ ਕਰਨ ਲਈ ਗੁਟਕਾ ਸਾਹਿਬ ਹੱਥ ’ਚ ਫੜ੍ਹ ਕੇ ਸੌਂਹ ਖਾਧੀ ਸੀ ਤਾਂ ਉਹ ਹੋਰਨਾਂ ਸਿੱਖਾਂ ਵਾਂਗ ਕੈਪਟਨ ਵੱਲ ਖਿੱਚੇ ਗਏ ਅਤੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਉਸਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ ਜਦੋਂ ਕੋਈ ਸਾਡੇ ਇਸ਼ਟ ਦੀ ਕਸਮ ਚੁੱਕਦਾ ਹੈ ਤਾਂ ਅਸੀਂ ਉਸ ਕੁਰਬਾਨ ਹੋ ਸਕਦੇ ਹਨ, ਪਰ ਹੁਣ ਅਸੀਂ ਕਾਂਗਰਸ ਵਿਚ ਸ਼ਾਮਲ ਹੋ ਕੇ ਪਛਤਾ ਰਹੇ ਹਾਂ।  ਬਿੱਟੂ ਸਰਪੰਚ ਨੇ ਕਿਹਾ ਕਿ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਦੀ ਦਾਣਾ ਮੰਡੀ ਵਿਚ ਹੋਈ ਰੈਲੀ ਦੌਰਾਨ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਸੀ। ਉਹ ਕਾਂਗਰਸ ਪਾਰਟੀ ਨਾਲ ਹੈ। ਉਸਨੇ ਕਿਹਾ ਕਿ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸੌਂਹ ਨੂੰ ਅਜੇ ਤਕ ਪੂਰਾ ਨਹੀਂ ਕੀਤਾ ਜਿਸ ਕਾਰਨ ਉਹ ਹੋਰਨਾਂ ਪੰਜਾਬੀਆਂ ਤੇ ਸਿੱਖਾਂ ਵਾਂਗ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਕਹਿਣ ਵਾਲੇ ਇਹ ਸਾਬਤ ਕਰਨ ਕਿ ਕਿਸ ਗੱਲ ਕਰਕੇ ਉਸਨੂੰ ਗੈਂਗਸਟਰ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਕੇ ਮਾਨਹਾਣੀ ਦਾ ਕੇਸ ਦਾਇਰ ਕਰਨਗੇ।