ਫਤਹਿਗੜ੍ਹ ਸਾਹਿਬ, ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ ਗੁੱਤਾਂ ਅਤੇ ਵਾਲ ਕੱਟਣ ਦੀ ਹੋ ਰਹੀਆਂ ਕਾਰਵਾਈਆਂ ਸਬੰਧੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰ ਕੇ ਪੂਰੇ ਮਾਮਲੇ ਦਾ ਪਰਦਾਫਾਸ਼ ਕਰਨ ਤਾਂ ਜੋ ਲੋਕ ਵਹਿਮਾਂ ਭਰਮਾ ਦੇ ਜਾਲ ਵਿੱਚ ਨਾ ਫ਼ਸਣ। ਉਨ੍ਹਾਂ ਕਿਹਾ ਕਿ ਅਜਿਹੇ ਵਹਿਮ ਭਰਮ ਫੈ਼ਲਾਉਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਪ੍ਰੋ. ਬਡੂੰਗਰ ਨੇ ਇਸ ਨੂੰ ਗਹਿਰੀ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਭਾਰਤ ਦੋ ਗੁਆਂਢੀ ਦੇਸ਼ਾਂ (ਪਾਕਿਸਤਾਨ ਤੇ ਚੀਨ) ਦਰਮਿਆਨ ਅਣਸੁਖਾਵੇਂ ਮਾਹੌਲ ਵਿੱਚੋਂ ਲੰਘ ਰਿਹਾ ਹੈ, ਉਦੋਂ ਦੇਸ਼ ਵਾਸੀਆਂ ਨੂੰ ਵਹਿਮਾਂ ਭਰਮਾ ਵਿੱਚ ਫ਼ਸਾ ਕੇ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਪੱਧਰ ’ਤੇ ਪਤਾ ਲਗਾਉਣ ਕਿ ਕਿਹੜੀਆਂ ਏਜੰਸੀਆਂ ਅਜਿਹੀਆਂ ਕਾਰਵਾਈਆਂ ਪਿੱਛੇ ਕੰਮ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਥਾਂ-ਥਾਂ ’ਤੇ ਬੇਅਦਬੀਆਂ ਕਰਨ ਤੇ ਪਵਨ ਸਰੂਪਾਂ ਨੂੰ ਅਗਨ ਭੇਟ ਕਰਨ ਵਰਗੀਆਂ ਘਿਨੌਣੀਆਂ ਹਰਕਤਾਂ ਹੋ ਚੁੱਕੀਆਂ ਹਨ ਤੇ ਕੇਂਦਰ ਅਤੇ ਰਾਜ ਸਰਕਾਰ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਵਹਿਮਾਂ ਭਰਮਾਂ ਵਿੱਚ ਫ਼ਸਣ ਦੀ ਥਾਂ ਅਜਿਹੀਆਂ ਹਰਕਤਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਫੜਨ ਦੀ ਕੋਸ਼ਿਸ਼ ਕਰਨ।