ਰੋਜ਼ਾਨਾ ਦੀ ਤਰ੍ਹਾਂ ਅੱਜ ਫਿਰ ਗੁੱਡੀ ਸਾਰੀ ਛੁੱਟੀ ਤੋਂ ਪਹਿਲਾਂ ਆਪਣੇ ਗੀਟੇ, ਆਪਣੀ ਮਰ ਚੁੱਕੀ ਮਾਂ ਦੀ ਫ਼ੋਟੋ, ਚੂੜੀਆਂ, ਸੁਰਖ਼ੀ, ਬਿੰਦੀ ਆਦਿ ਇਕ ਲਿਫ਼ਾਫ਼ੇ ਵਿਚ ਚੰਗੀ ਤਰ੍ਹਾਂ ਲਪੇਟ ਕੇ ਇੱਟਾਂ ਦੇ ਢੇਰ ਵਿਚ ਲੁਕੋ ਕੇ ਨਾ ਚਾਹੁੰਦਿਆਂ ਵੀ ਦੂਜੀ ਦੁਨੀਆਂ (ਘਰ) ਜਾਣ ਲਈ ਤਿਆਰ ਸੀ।
ਗੁੱਡੀ ਜਿਸ ਦਾ ਮਾਂ ਨੇ ਨਾਂ ਭਾਵੇਂ ਚਾਅ ਨਾਲ ਮਨਪ੍ਰੀਤ ਰੱਖਿਆ ਸੀ, ਪਰ ਘਰ-ਬਾਹਰ ਸਾਰੇ ਉਸ ਨੂੰ ਮਾੜੀ ਕਹਿਕੇ ਹੀ ਪੁਕਾਰਦੇ ਸਨ। ਉਪਰੋਂ ਕਿਸਮਤ ਦੀ ਵੀ ਅਜਿਹੀ ਮਾੜੀ ਨਿਕਲੀ ਕਿ ਬਚਪਨ ’ਚ ਮਾਂ ਦੀ ਮੌਤ ਤੋਂ ਬਾਅਦ ਮਤਰੇਈ ਮਾਂ ਦੇ ਜ਼ੁਲਮ, ਪਿਤਾ ਦੀ ਅਣਦੇਖੀ ਤੇ ਨਸ਼ੇ ਅਤੇ ਅਤਿ ਦੀ ਗ਼ਰੀਬੀ ਨੇ ਉਸ ਨੂੰ ਅਜਿਹਾ ਕਠੋਰ ਬਣਾ ਦਿੱਤਾ ਕਿ ਉਹਦਾ ਕਿਸੇ ਨਾਲ ਜ਼ਿਆਦਾ ਮੇਲ-ਜੋਲ ਨਹੀਂ ਸੀ। ਸਕੂਲ ਵੀ ਉਹਦੇ ਲਈ ਸਿਰਫ਼ ਰੱਜ ਕੇ ਖਾਣ ਅਤੇ ਗੀਟਿਆਂ ਨਾਲ ਖੇਡਣ ਜਾਂ ਮਾਂ ਦੀਆਂ ਯਾਦਾਂ ਨਿਹਾਰਨ ਦੀ ਥਾਂ ਹੀ ਸੀ ਕਿਉਂਕਿ ਘਰੇ ਉਹਨੂੰ ਇਹ ਸਭ ਨਸੀਬ ਨਹੀਂ ਸੀ ਹੁੰਦਾ।
ਭਾਵੇਂ ਅਧਿਆਪਕਾਂ ਨੇ ਪਿਆਰ ਦੁਲਾਰ ਦਿੰਦਿਆਂ ਹੀਣ ਭਾਵਨਾ ਤੋਂ ਬਚਾਉਣ ਲਈ ਉਹਦਾ ਨਾਂ ਮਾੜੀ ਤੋਂ ਗੁੱਡੀ ਰੱਖਿਆ, ਪਰ ਉਹਨੂੰ ਕੋਈ ਪਰਵਾਹ ਹੀ ਨਹੀਂ ਸੀ ਕਿ ਉਹਨੂੰ ਕੋਈ ਬੁਲਾਵੇ ਵੀ ਜਾਂ ਕਿਹੜੇ ਨਾਂ ਨਾਲ ਬੁਲਾਵੇ। ਗੁੱਡੀ ਦਾ ਤਾਂ ਆਪਣਾ ਹੀ ਸੰਸਾਰ ਸੀ। ਪੜ੍ਹਾਈ ਵਿਚ ਉਹਦਾ ਮਨ ਨਹੀਂ ਸੀ ਲੱਗਦਾ, ਪਰ ਅਧਿਆਪਕਾਂ ਦੀਆਂ ਗ੍ਰਹਿਆਂ, ਸੂਰਜ, ਚੰਨ, ਤਾਰਿਆਂ ਦੀਆਂ ਗੱਲਾਂ ਸੁਣਨੀਆਂ ਉਸ ਨੂੰ ਬਹੁਤ ਵਧੀਆ ਲੱਗਦੀਆਂ। ਉਹਨੂੰ ਲੱਗਦਾ ਜਿਵੇਂ ਅਧਿਆਪਕ ਮੋਈ ਮਾਂ ਦੇ ਅਲੌਕਿਕ ਦੇਸ਼ ਦੀਆਂ ਕਹਾਣੀਆਂ ਹੀ ਸੁਣਾ ਰਹੇ ਹੋਣ। ਜਮਾਤ ਵਿਚ ਕਿਸੇ ਬੱਚੇ ਨਾਲ ਬੈਠਣਾ ਜਾਂ ਹੱਸਣਾ-ਖੇਡਣਾ ਗੁੱਡੀ ਨੂੰ ਉਕਾ ਹੀ ਚੰਗਾ ਨਾ ਲੱਗਦਾ। ਉਹ ਤਾਂ ਆਖ਼ਰੀ ਬੈਂਚ ’ਤੇ ਬੈਠ ਆਪਣੀ ਦੁਨੀਆਂ ਦਾ ਸਦਾ ਆਨੰਦ ਮਾਨਣਾ ਲੋਚਦੀ ਰਹਿੰਦੀ ਕਿ ਕਦੋਂ ਅੱਧੀ ਛੁੱਟੀ ਹੋਵੇ ਜਾਂ ਜਮਾਤ ਖਾਲੀ ਹੋਵੇ ਅਤੇ ਉਹ ਗੀਟੇ ਖੇਡਦੀ-ਖੇਡਦੀ ਮਾਂ ਕੋਲ ਪਹੁੰਚ ਜਾਵੇ। ਉਹੀ ਗੀਟੇ ਜਿਹੜੇ ਉਹਦੀ ਮਾਂ ਮਰਨ ਤੋਂ ਪਹਿਲਾਂ ਗੁੱਡੀ ਨਾਲ ਖੇਡਦੀ ਹੁੁੁੁੰਦੀ ਸੀ।
ਗੁੱਡੀ ਸਵੇਰੇ ਸਕੂਲ ਆ ਕੇ ਦੱਬੇ ਪੈਰੀਂ ਆਪਣੀ ਜਮਾਤ ਦੇ ਪਿਛਲੇ ਪਾਸੇ ਇੱਟਾਂ ਦੇ ਢੇਰ ’ਚ ਲੁਕਾਏ ਆਪਣੇ ਗੁਪਤ ਖ਼ਜ਼ਾਨੇ ਨੂੰ ਕੱਢ ਬਸਤੇ ’ਚ ਪਾ ਕੇ ਸਾਰਾ ਦਿਨ ਰੱਜ ਕੇ ਸਾਥ ਮਾਣਦੀ, ਖੇਡਦੀ ਤੇ ਸਾਰੀ ਛੁੱਟੀ ਤੋਂ ਪਹਿਲਾਂ ਫਿਰ ਲੁਕੋ ਆਉਂਦੀ। ਗੀਟਿਆਂ ਨਾਲ ਖੇਡਦੀ ਦਾ ਉਹਦਾ ਜਲੌਅ ਵੇਖਣ ਵਾਲਾ ਹੁੰਦਾ।
ਇਕ ਦਿਨ ਛੁੱਟੀ ਤੋਂ ਬਾਅਦ ਮਜ਼ਦੂਰਾਂ ਨੇ ਚਾਰਦੀਵਾਰੀ ਦੀ ਉਸਾਰੀ ਲਈ ਉਹ ਇੱਟਾਂ ਦਾ ਢੇਰ ਚੁੱਕਣਾ ਸ਼ੁਰੂ ਕੀਤਾ ਤਾਂ ਗੁੱਡੀ ਦੇ ਖ਼ਜ਼ਾਨੇ ਨੂੰ ਪਰ੍ਹਾਂ ਸੁੱਟ ਦਿੱਤਾ ਜੋ ਨਵੀਂ ਪਾਈ ਜਾ ਰਹੀ ਮਿੱਟੀ ਹੇਠ ਆ ਗਿਆ। ਅਗਲੇ ਦਿਨ ਜਦੋਂ ਗੁੱਡੀ ਨੇ ਆਪਣਾ ਸੰਸਾਰ ਫਿਰ ਉਜੜਦਿਆਂ ਵੇਖਿਆ ਤਾਂ ਸਵੇਰ ਦੀ ਸਭਾ ਦੀ ਪਰਵਾਹ ਛੱਡ ਵਾਹੋਦਾਹੀ ਭੱਜ ਕੇ ਆਪਣੇ ਜਿਉਣ ਦਾ ਸਾਮਾਨ ਲੱਭਣ ਲੱਗੀ। ਹੱਥਾਂ ਨਾਲ ਹੀ ਗੁੱਡੀ ਨੇ ਮਿੱਟੀ ਨੂੰ ਪੁੱਟਣਾ ਸ਼ੁਰੂ ਕੀਤਾ, ਪਰ ਉਹਨੂੰ ਕਿਤੋਂ ਵੀ ਕੁਝ ਨਾ ਲੱਭਾ। ਮਾਂ ਦੀਆਂ ਨਿਸ਼ਾਨੀਆਂ ਤੇ ਗੀਟੇ ਮਿਲਣ ਦੀ ਆਸ ਛੱਡ ਵਿਲਕਦੀ ਹੋਈ ਗੁੱਡੀ ਉੱਥੇ ਹੀ ਬੈਠ ਉੱਚੀ-ਉੱਚੀ ਰੋਣ ਲੱਗੀ। ਉਹਨੂੰ ਲੱਗਿਆ ਜਿਵੇਂ ਮਾਂ ਅੱਜ ਦੁਬਾਰਾ ਮਰ ਗਈ ਹੋਵੇ।