ਚੰਡੀਗੜ੍ਹ, ਬਠਿੰਡਾ ਰੀਫਾਈਨਰੀ ਤੱਕ ਵਸਤਾਂ ਦੀ ਢੋਅ-ਢੁਆਈ ’ਤੇ ਗੁੰਡਾ ਟੈਕਸ ਦੀ ਉਗਰਾਹੀ ਨੇ ਸਿਆਸੀ ਸਿਖਰਾਂ ਛੋਹ ਲਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਆਸੀ ਵਿਰੋਧੀ ਚਚੇਰੇ ਭਰਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਦੀ ਅਗਵਾਈ ਹੇਠ ਉਗਰਾਹੀ ਹੋਣ ਦੇ ਦੋਸ਼ ਲਾਏ ਹਨ। ਅਕਾਲੀ ਦਲ ਦੇ ਪ੍ਰਧਾਨ ਅਨੁਸਾਰ ‘‘ਇਸ ਗੁੰਡਾ ਟੈਕਸ ਨੂੰ ਜੇਐਸਟੀ ਭਾਵ ਜੋਜੋ ਸਰਵਿਸ ਟੈਕਸ ਕਿਹਾ ਜਾਣਾ ਚਾਹੀਦਾ ਹੈ। ਜੋਜੋ, ਮਨਪ੍ਰੀਤ ਬਾਦਲ ਦੇ ਸਾਲੇ ਦਾ ਨਾਮ ਹੈ।’’ ਅਕਾਲੀ ਆਗੂ ਮੁਤਾਬਿਕ ਜੋਜੋ ਹੀ ਇਸ ਸਾਰੇ ਕੰਮ ਵਿੱਚ ਵੱਡੀ ਗਿਣਤੀ ਕਾਂਗਰਸੀਆਂ ਦੀ ਅਗਵਾਈ ਕਰ ਰਿਹਾ ਹੈ। ਟ੍ਰਿਬਿਊਨ ਨਾਲ ਫੋਨ ’ਤੇ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਏ ਕਿ ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਇੱਕ ਹੋਰ ਸਥਾਨਕ ਕਾਂਗਰਸੀ ਆਗੂ ਖੁਸ਼ਬਾਜ਼ ਜਟਾਣਾ, ਟਰਾਂਸਪੋਰਟਰਾਂ ਤੋਂ ਰਲਕੇ ਇਹ ਉਗਰਾਹੀ ਕਰਦੇ ਰਹੇ ਹਨ। ਮਗਰੋਂ ਉਨ੍ਹਾਂ ਨੇ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਨੂੰ ਵੀ ਸ਼ਾਮਲ ਕਰ ਲਿਆ ਸੀ। ਸੰਪਰਕ ਕਰਨ ’ਤੇ ਉਪਰੋਕਤ ਸਾਰੇ ਆਗੂਆਂ ਨੇ ਇਹ ਦੋਸ਼ ਸਿਰੇ ਤੋਂ ਬੇਬੁਨਿਆਦ ਕਹੇ ਅਤੇ ਨਾਲ ਹੀ ਮੰਗ ਕੀਤੀ ਇਸ ਸਾਰੇ ਕੁਝ ਦੀ ਨਿਰਪਖ ਜਾਂਚ ਕਰਵਾ ਕੇ ਇਸ ਧੰਦੇ ਵਿੱਚ ਸ਼ਾਮਲ ਲੋਕ, ਸਭ ਦੇ ਸਾਹਮਣੇ ਲਿਆਂਦੇ ਜਾਣ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੀ ਸਰਕਾਰ ਦੇ ਕਾਰਜਕਾਲ ਵਿੱਚ ਬੜੀ ਮਿਹਨਤ ਕਰਕੇ ਸਨਅਤਕਾਰਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਮਨਾਇਆ ਸੀ, ਪਰ ਜਦੋਂ ਸਿਆਸੀ ਆਗੂ ਗੁੰਡਾ ਟੈਕਸ ਉਗਰਾਹ ਰਹੇ ਹੋਣ ਅਤੇ ਮੁੱਖ ਮੰਤਰੀ ਅੱਖਾਂ ਮੀਚੀਂ ਬੈਠਾ ਹੋਵੇ, ਤਾਂ ਸਾਰਾ ਕੁਝ ਤਬਾਹ ਹੋਣਾ ਤੈਅ ਹੈ। ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਗੁਰਪ੍ਰੀਤ ਸਿੰਘ ਕਾਂਗੜ ਨਾਲ ਗੱਲਬਾਤ ਨਹੀਂ ਹੋ ਸਕੀ।
ਮਨਪ੍ਰੀਤ ਸਿੰਘ ਬਾਦਲ
‘‘ਮੇਰੇ ਉੱਤੇ ਜਾਂ ਮੇਰੇ ਪਰਿਵਾਰ ਦੇ ਕਿਸੇ ਜੀਅ ਉੱਤੇ ਦੋਸ਼ ਲਾਉਣ ਤੋਂ ਪਹਿਲਾਂ (ਸੁਖਬੀਰ ਬਾਦਲ) ਆਪਣੇ ਉੱਤੇ ਅਤੇ ਮਜੀਠੀਆ ਉੱਤੇ ਲੱਗੇ ਬੇਹੱਦ ਗੰਭੀਰ ਦੋਸ਼ਾਂ ਲਈ ਜੁਆਬਦੇਹ ਹੈ। ਮੇਰੇ 24 ਸਾਲ ਦੇ ਜਨਤਕ ਜੀਵਨ ਦੌਰਾਨ ਮੇਰੇ ਉੱਤੇ ਸੁਖਬੀਰ ਬਾਦਲ ਸਮੇਤ ਕੋਈ ਵੀ ਦੋਸ਼ ਨਹੀਂ ਲਾ ਸਕਦਾ। ਮੈਨੂੰ ਲੋਕਾਂ ਨੇ ਪਰਖ ਕੇ ਚੁਣ ਕੇ ਭੇਜਿਆ ਹੈ।’’
ਕੁਸ਼ਲਦੀਪ ਢਿੱਲੋਂ
‘‘ਮੈਂ ਸੁਖਬੀਰ ਬਾਦਲ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਵੱਲੋਂ ਗੁੰਡਾ ਟੈਕਸ ਉਗਰਾਹੇ ਜਾਣਾ ਸਿੱਧ ਕਰੇ। ਜੇਕਰ ਉਹ ਦੋਸ਼ ਸਿੱਧ ਨਾ ਕਰ ਸਕਿਆ ਤਾਂ ਉਹ ਸਿਆਸਤ ਛੱਡ ਜਾਵੇ, ਨਹੀਂ ਤਾਂ ਮੈਂ ਛੱਡ ਜਾਵਾਂਗਾ। ਸੁਖਬੀਰ ਸਾਨੂੰ ਮਾਲਵੇ ਦੇ ਉਭਰਦੇ ਆਗੂਆਂ ਵਜੋਂ ਦੇਖ ਕੇ ਖਤਰਾ ਮਹਿਸੂਸ ਕਰ ਰਿਹਾ ਹੈ।’’
ਬਲਜਿੰਦਰ ਕੌਰ
‘ਇਨ੍ਹਾਂ ਦੋਸ਼ਾਂ ’ਤੇ ਸਿਰਫ ਹੱਸਿਆ ਜਾ ਸਕਦਾ ਹੈ। ਮੈਂ ਤਾਂ ਖੁਦ ਵਰਤਨਮਾਨ ਤੇ ਪਿਛਲੀ ਸਰਕਾਰ ਦੇ ਸਮਿਆਂ ਦੌਰਾਨ ਗੁੰਡਾ ਟੈਕਸ ਦੀ ਉਗਰਾਹੀ ਹੋਣ ਦੇ ਇਸ ਕਾਲੇ ਕਾਰੋਬਾਰ ਦੀ ਗਹਿਰੀ ਜਾਂਚ ਕਰਾਏ ਜਾਣ ਦੀ ਮੰਗ ਕਰ ਰਹੀ ਹਾਂ। ਇਹ ਜਾਂਚ ਦੋਵਾਂ ਸਰਕਾਰਾਂ ਦੇ ਕਾਰਜਕਾਰਲ ਦੀ ਹੋਣੀ ਚਾਹੀਦੀ ਹੈ।
ਖੁਸ਼ਬਾਜ਼ ਸਿੰਘ ਜਟਾਣਾ
‘‘ਮੈਂ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਹੈਰਾਨ ਹਾਂ । ਮੈਂ ਛੋਟਾ ਜਿਹਾ ਲੀਡਰ ਹਾਂ, ਜੋ ਸਿਆਸੀ ਪਿੜ ’ਚ ਆਪਣੀ ਪਛਾਣ ਬਣਾਉਣ ਲਈ ਯਤਨਸ਼ੀਲ ਹਾਂ। ਮੈਂ ਅਜਿਹੇ ਝਮੇਲੇ ਵਿੱਚ ਕਿਉਂ ਫਸਣਾ ਚਾਹਾਂਗਾ?