ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤ੍ਰਿੰਗ ਕਮੇਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਦਾ ਵੱਡਾ ਫੈਸਲਾ ਲਿਆ। ਇਹ ਕਾਰਵਾਈ ਉਨ੍ਹਾਂ ਅਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਅਮਲ ਵਿੱਚ ਆਈ।

ਸੇਵਾ ਮੁਕਤੀ ਤੋਂ ਬਾਅਦ ਅੱਜ ਗਿਆਨੀ ਰਘਬੀਰ ਸਿੰਘ ਨੇ ਪਹਿਲੀ ਵਾਰ ਆਪਣੇ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਸੰਤੋਸ਼ ਪ੍ਰਗਟ ਕਰਦਿਆਂ ਕਿਹਾ, “ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ ਹੈ, ਉਨੀ ਦੇਰ ਹੀ ਸੇਵਾ ਕੀਤੀ ਜਾ ਸਕਦੀ ਹੈ।” ਉਨ੍ਹਾਂ ਨੇ ਦੱਸਿਆ ਕਿ ਉਹ ਗੁਰੂ ਦੀ ਰਜ਼ਾ ਵਿੱਚ ਰਾਜੀ ਹਨ ਅਤੇ ਪਿਛਲੇ ਦਿਨਾਂ ਦੌਰਾਨ ਜੋ ਕੁਝ ਵੀ ਹੋਇਆ, ਉਸ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਹਨ।

ਉਨ੍ਹਾਂ ਨੇ ਸ਼ੁਕਰਾਨਾ ਅਦਾ ਕਰਦਿਆਂ ਕਿਹਾ, “ਸ੍ਰੀ ਗੁਰੂ ਸਾਹਿਬ ਨੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਜਿਸ ਕਰਕੇ ਮੈਨੂੰ ਤਖ਼ਤ ਸਾਹਿਬ ਅਤੇ ਗੁਰੂ ਪੰਥ ਦੀ ਮਹਾਨ ਸੇਵਾ ਕਰਨ ਦਾ ਮੌਕਾ ਮਿਲਿਆ।” ਉਨ੍ਹਾਂ ਨੇ ਕਿਹਾ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਇਆ ਹਾਂ ਕਿ ਕੀਤੀ ਸੇਵਾ ਪ੍ਰਵਾਨ ਕਰਨ ਅਤੇ ਹੋਈਆਂ ਭੁੱਲਾਂ ਨੂੰ ਮਾਫ਼ ਕਰਨ।

SGPC ਵਲੋਂ ਲਿਆ ਗਿਆ ਵੱਡਾ ਫੈਸਲਾ

ਇਹ ਫੈਸਲਾ SGPC ਦੀ ਅੰਤ੍ਰਿੰਗ ਕਮੇਟੀ ਵਲੋਂ ਬੀਤੇ ਦਿਨੀਂ ਲਿਆ ਗਿਆ, ਜਿਸ ਤਹਿਤ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖ਼ਤ ਦੇ ਜੱਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਹਾਲਾਂਕਿ, ਉਹ ਹਾਲੇ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਆਪਣੀ ਸੇਵਾ ਜਾਰੀ ਰੱਖਣਗੇ।