ਅਬੋਹਰ, 10 ਸਤੰਬਰ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਚ ਬਹਿਬਲ ਕਲਾਂ ਗੋਲੀਕਾਂਡ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਦੱਸੇ ਜਾਣ ਕਰਕੇ ਚਹੁੰਪਾਸਿਓਂ ਘਿਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਣਗਿਣਤ ਸੁਖਬੀਰ ਕੁਰਬਾਨ ਕਰਨ ਲਈ ਵੀ ਤਿਆਰ ਹਨ। ਸ੍ਰੀ ਬਾਦਲ ਨੇ ਬੇਅਦਬੀ ਦੇ ਦੋਸ਼ਾਂ ਲਈ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਆਪਣੇ ਖ਼ਿਲਾਫ਼ ਕਾਰਵਾਈ ਕਰਨ ਲਈ ਲਲਕਾਰਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ ਤੋਂ ਧਿਆਨ ਹਟਾਉਣ ਲਈ ਉਨ੍ਹਾਂ ਖ਼ਿਲਾਫ਼ ਇਹ ਝੂਠਾ ਮਾਮਲਾ ਉਛਾਲ ਰਹੀ ਹੈ। ਸ੍ਰੀ ਬਾਦਲ ਸਥਾਨਕ ਨਵੀਂ ਅਨਾਜ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਵਿਉਂਤੀ ਪੋਲ ਖੋਲ੍ਹ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਹ ਰੈਲੀ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਗ੍ਰਹਿ ਨਗਰ ਅਬੋਹਰ ਵਿੱਚ ਕੀਤੀ ਗਈ। ਰੈਲੀ ਦਾ ਮੁੱਖ ਮੁੱਦਾ ਸ੍ਰੀ ਜਾਖੜ ਵੱਲੋਂ ਅਕਾਲੀਆਂ ਨੂੰ ਬਰਗਾੜੀ ਕਾਂਡ ਦੀ ਜਾਂਚ ਰਿਪੋਰਟ ਮਗਰੋਂ ਪਿੰਡਾਂ ਵਿੱਚ ਵੜਣ ਲਈ ਦਿੱਤੀ ਗਈ ਚੁਣੌਤੀ ਰਹੀ।
ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਬੇਅਦਬੀ ਦੇ ਮੁੱਦੇ ਉੱਤੇ ਉਨ੍ਹਾਂ ਖ਼ਿਲਾਫ ਲਾਏ ਦੋਸ਼ਾਂ ਵਿੱਚ ਥੋੜ੍ਹੀ ਵੀ ਸਚਾਈ ਹੈ ਤਾਂ ਉਹ ਅਦਾਲਤ ਵਿੱਚ ਉਨ੍ਹਾਂ ਖਿਲਾਫ਼ ਕੇਸ ਚਲਾਉਣ ਦੀ ਹਿੰਮਤ ਵਿਖਾਉਣ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਪਰੇਸ਼ਨ ਬਲਿਊ ਸਟਾਰ ਦੁਨੀਆ ਦੇ ਇਤਿਹਾਸ ਵਿੱਚ ਬੇਅਦਬੀ ਦੀ ਸਭ ਤੋਂ ਵੱਡੀ ਅਤੇ ਦਰਦਨਾਕ ਘਟਨਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਹਰ ਫਰੰਟ ਉੱਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਬਦਲੇਖੋਰੀ ਦੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ਾ ਮੁਆਫੀ, ਨਸ਼ਿਆਂ ਦਾ ਖਾਤਮਾ, ਨੌਜਵਾਨਾਂ ਨੂੰ ਨੌਕਰੀਆਂ, ਬੁਢਾਪਾ ਪੈਨਸ਼ਨਾਂ ਦੀ ਰਾਸ਼ੀ ਵਧਾਉਣ ਤੋਂ ਲੈ ਕੇ ਗਰੀਬਾਂ ਨੂੰ ਚਾਹ ਦੇ ਨਾਲ ਮੁਫਤ ਖੰਡ ਸ਼ੁਰੂ ਕਰਨ ਆਦਿ ਹਰ ਮਾਮਲੇ ਵਿੱਚ ਕੈਪਟਨ ਸਰਕਾਰ ਨਾਕਾਮ ਸਾਬਤ ਹੋਈ ਹੈ। ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਆਪਣੀਆਂ ਜ਼ਿੰਦਗੀਆਂ ਨਾਲੋਂ ਵੀ ਵੱਧ ਪਿਆਰਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸ਼ਾਨ, ਮਰਿਆਦਾ ਅਤੇ ਸਨਮਾਨ ਦੀ ਰਾਖੀ ਲਈ ਅਣਗਿਣਤ ਸੁਖਬੀਰ ਬਾਦਲ ਅਤੇ ਲੱਖਾਂ ਬਾਦਲ ਕੁਰਬਾਨ ਕਰ ਸਕਦੇ ਹਾਂ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਬੇਅਦਬੀ ਦੇ ਕੇਸਾਂ ਦੀ ਕਿਸੇ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਹੀ ਵਜ੍ਹਾ ਹੈ ਕਿ ਅਕਾਲੀ ਦਲ ਨੇ ਪੱਖਪਾਤੀ ਰਣਜੀਤ ਸਿੰਘ ਕਮਿਸ਼ਨ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਜੱਜ ਰਣਜੀਤ ਸਿੰਘ ‘ਆਪ’ ਆਗੂ ਸੁਖਪਾਲ ਖਹਿਰਾ ਦਾ ਕਰੀਬੀ ਰਿਸ਼ਤੇਦਾਰ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੁਜ਼ਦਿਲ ਹੈ, ਕਿਉਂਕਿ ਉਹ ਦਮਨਕਾਰੀ ਸਰਕਾਰਾਂ ਖ਼ਿਲਾਫ਼ ਅੰਦੋਲਨ ਕਰਨ ਲਈ ਕਦੇ ਸਹਿਮਤ ਨਹੀਂ ਹੋਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਤੁਲਨਾ ਪ੍ਰਕਾਸ਼ ਸਿੰਘ ਬਾਦਲ ਨਾਲ ਕਰਨ ਤੋਂ ਵਰਜਦਿਆਂ ਸੁਖਬੀਰ ਨੇ ਕਿਹਾ ਕਿ ਜਿੰਨੇ ਸਾਲ ਕੈਪਟਨ ਨੇ ਸਿਆਸਤ ਕੀਤੀ ਹੈ, ਬਾਦਲ ਸਾਹਿਬ ਉਸ ਤੋਂ ਵੱਧ ਸਮਾਂ ਜੇਲ੍ਹ ਵਿੱਚ ਗੁਜ਼ਾਰ ਚੁੱਕੇ ਹਨ। ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਉੱਤੇ ਤਿੱਖੇ ਹਮਲੇ ਕਰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਕੈਪਟਨ, ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਵਰਗਿਆਂ ਨੂੰ ਹੱਲਾਸ਼ੇਰੀ ਦੇ ਕੇ ਪੰਜਾਬ ਅੰਦਰ ਮੁੜ ਤੋਂ ਅਤਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਝੰਡਾ ਸਿਰਫ ਜਾਖੜ ਦੇ ਪਿੰਡ ਪੰਜਕੋਸੀ ਵਿੱਚ ਹੀ ਨਹੀਂ ਸਗੋਂ ਅਬੋਹਰ ਵਿੱਚ ਵੀ ਉੱਚਾ ਝੁੱਲ ਰਿਹਾ ਹੈ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਮਨਜੀਤ ਸਿੰਘ ਜੀਕੇ, ਸਿਕੰਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ ਅਤੇ ਅਰੁਣ ਨਾਰੰਗ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਕੂਮਤ ਦੌਰਾਨ ਬੇਅਦਬੀ ਦੀਆਂ 72 ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਇਨ੍ਹਾਂ ਨੂੰ ਰੋਕਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਇਸ ਮੌਕੇ ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ, ਸਾਬਕਾ ਭਾਜਪਾ ਮੰਤਰੀ ਸੁਰਜੀਤ ਜਿਆਣੀ ਅਤੇ ਅਬੋਹਰ ਦੇ ਵਿਧਾਇਕ ਅਰੂਣ ਨਾਰੰਗ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਰਣਜੋਧ ਸਿੰਘ ਲੰਬੀ, ਚੌਧਰੀ ਜਸਵੰਤ ਸਿੰਘ ਧਾਲੀਵਾਲ, ਚਰਨਜੀਤ ਸਿੰਘ ਬਰਾੜ, ਚੇਅਰਮੈਨ ਤੇਜਿੰਦਰ ਸਿੰਘ ਮਿੱਢੂ ਖੇੜਾ ਆਦਿ ਹਾਜ਼ਰ ਸਨ।