ਗੁਰੂਗ੍ਰਾਮ, 5 ਅਗਸਤ
ਸ਼ਹਿਰ ਤੋਂ ਪਰਵਾਸੀ ਕਾਮਿਆਂ ਦੀ ਹਿਜਰਤ ਰੋਕਣ ਦੀ ਕੋਸ਼ਿਸ਼ ਤਹਿਤ ਅੱਜ ਜ਼ਿਲ੍ਹਾ ਅਧਿਕਾਰੀਆਂ ਨੇ ਕੁਝ ਝੁੱਗੀਆਂ-ਝੋਪੜੀਆਂ ਦਾ ਦੌਰਾ ਕੀਤਾ ਅਤੇ ਮਜ਼ਦੂਰਾਂ ਨੂੰ ਬਿਨਾਂ ਕਿਸੇ ਡਰ ਤੋਂ ਆਪੋ-ਆਪਣੇ ਰੋਜ਼ਾਨਾ ਦੇ ਕੰਮਾਂ ’ਤੇ ਜਾਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਹਫ਼ਤੇ ਦੇ ਸ਼ੁਰੂ ਵਿੱਚ ਨੂਹ ਤੇ ਗੁਰੂਗ੍ਰਾਮ ਵਿੱਚ ਹੋਈ ਹਿੰਸਾ ਦੇ ਮੱਦੇਨਜ਼ਰ ਇੱਥੇ ਕੰਮ ਲਈ ਆਏ ਪਰਵਾਸੀ ਕਾਮਿਆਂ ਨੇ ਆਪੋ-ਆਪਣੇ ਜੱਦੀ ਘਰਾਂ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ।

ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਅੱਜ ਇੱਥੇ ਸੈਕਟਰ 58 ਤੇ 70 ਨੇੜਲੀਆਂ ਝੁੱਗੀਆਂ-ਝੋਪੜੀਆਂ ਦਾ ਦੌਰਾ ਕੀਤਾ। ਯਾਦਵ ਨੇ ਝੁੱਗੀਆਂ-ਝੋਪੜੀਆਂ ਵਿੱਚ ਰਹਿੰਦੇ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਆਪੋ-ਆਪਣੇ ਰੋਜ਼ਾਨਾ ਦੇ ਕੰਮਾਂ ’ਤੇ ਜਾਣ ਦੀ ਅਪੀਲ ਕੀਤੀ ਅਤੇ ਸੁਰੱਖਿਆ ਦਾ ਭਰੋਸਾ ਦਿਵਾਇਆ। ਪਰਵਾਸੀ ਕਾਮਿਆਂ ਨਾਲ ਗੱਲਬਾਤ ਦੌਰਾਨ ਡੀਸੀ ਨੇ ਕਿਹਾ ਜੇਕਰ ਉਨ੍ਹਾਂ ਨੂੰ ਕੋਈ ਵੀ ਇਹ ਜਗ੍ਹਾ ਛੱਡਣ ਲਈ ਧਮਕਾਉਂਦਾ ਹੈ ਤਾਂ ਉਹ ਤੁਰੰਤ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਨੇੜਲੇ ਪੁਲੀਸ ਥਾਣੇ ਨੂੰ ਸੂਚਿਤ ਕਰਨ ਤਾਂ ਜੋ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।