ਅੰਮ੍ਰਿਤਸਰ, 19 ਅਗਸਤ
ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਕੇ ਤੇ ਸਿੱਖ ਧਰਮ ਵਿੱਚ ਬੇਲੋੜੀ ਦਖਲਅੰਦਾਜ਼ੀ ਕਰਨ ਦੇ ਦੋਸ਼ ਹੇਠ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵਲੋਂ ਤਨਖਾਹੀਆ ਕਰਾਰ ਦਿੱਤਾ ਹੈ। ਇਸ ਸਬੰਧੀ ਆਦੇਸ਼ ਉਨ੍ਹਾਂ ਸ੍ਰੀ ਅਕਾਲ ਤਖਤ ਸਕੱਤਰੇਤ ਸਾਹਮਣੇ ਜਾਰੀ ਕੀਤਾ। ਮੁਤਵਾਜ਼ੀ ਜਥੇਦਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਤੀਜੀ ਵਾਰ ਅਕਾਲ ਤਖਤ ’ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ ਪਰ ਉਹ ਨਹੀਂ ਆਏ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਦੋ ਵਾਰ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਦੋ ਵਿਧਾਇਕਾਂ ਸਰਵਣ ਸਿੰਘ ਧੁੰਨ ਅਤੇ ਕਰਮਵੀਰ ਸਿੰਘ ਘੁਮਾਣ ਰਾਹੀਂ ਇੱਕ ਪੱਤਰ ਭੇਜਿਆ ਸੀ ਪਰ ਇਹ ਪੱਤਰ ਵੀ ਮੁੱਖ ਮੰਤਰੀ ਦਾ ਸਪਸ਼ਟੀਕਰਨ ਨਹੀਂ ਸਗੋਂ ਵਿਧਾਇਕ ਸਰਵਣ ਸਿੰਘ ਧੁੰਨ ਵੱਲੋਂ ਲਿਖਿਆ ਹੋਇਆ ਸੀ ਜਿਸ ਵਿਚ ਸਿਰਫ ਚਾਰ ਪੰਕਤੀਆਂ ਦਰਜ ਹਨ। ਇਹ ਪੱਤਰ ਅੱਜ ਮੀਡੀਆ ਅੱਗੇ ਪੜ੍ਹ ਕੇ ਸੁਣਾਇਆ ਗਿਆ।
ਭਾਈ ਮੰਡ ਨੇ ਆਖਿਆ ਕਿ ਹਾਜ਼ਰ ਨਾ ਹੋਣ ਤੋਂ ਇਹ ਲਗਦਾ ਹੈ ਕਿ ਮੁੱਖ ਮੰਤਰੀ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਸਮੁੱਚੇ ਖਾਲਸਾ ਪੰਥ ਅਤੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਉਹ ਸ੍ਰੀ ਅਕਾਲ ਤਖਤ ’ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦੇ, ਉਨ੍ਹਾਂ ਨੂੰ ਕਿਸੇ ਪੰਥਕ ਸਮਾਗਮ ਜਾ ਗੁਰਦੁਆਰੇ ਦੀ ਸਟੇਜ ਤੋਂ ਬੋਲਣ ਨਾ ਦਿੱਤਾ ਜਾਵੇ ਅਤੇ ਨਾ ਹੀ ਸਿਰੋਪਾ ਦਿੱਤਾ ਜਾਵੇ।