ਨਡਾਲਾ, ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਦੇ ਸਾਬਕਾ ਮੈਨੇਜਰ ਹਰਿੰਦਰ ਸਿੰਘ ਸੋਢੀ ਨੇ ਅੱਜ ਦੁਪਹਿਰ ਵੇਲੇ ਗੁਰਦੁਆਰੇ ਦੇ ਮੈਨੇਜਰ ਸਮੇਤ 4 ਮੁਲਾਜ਼ਮਾਂ ’ਤੇ ਅਚਾਨਕ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਰਿੰਦਰ ਸਿੰਘ ਸੋਢੀ ਪਹਿਲਾਂ ਇਸ ਗੁਰਦੁਆਰੇ ਵਿੱਚ ਹੀ ਸਰਵਿਸ ਕਰਦੇ ਸਨ ਤੇ ਕਿਸੇ ਕੇਸ ਵਿੱਚ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਬਹਾਲ ਹੋਣ ਤੋਂ ਬਾਅਦ ਉਸ ਨੇ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਲਈ ਸੀ ਤੇ ਅੱਜ ਕਿਸੇ ਸਾਜ਼ਿਸ਼ ਤਹਿਤ ਗੁਰਦੁਆਰੇ ਵਿੱਚ ਮਠਿਆਈ ਦਾ ਡੱਬਾ ਲੈ ਕੇ ਆਇਆ ਤੇ ਇਸ ਮੌਕੇ ਮੌਜੂਦਾ ਮੈਨੇਜਰ ਰਤਨ ਸਿੰਘ ਕੰਗ ਨੇ ਉਸ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਬਣਾਇਆ। ਇਸ ਦੌਰਾਨ ਜਦੋਂ ਸਾਰੇ ਚਾਹ ਪੀ ਰਹੇ ਸਨ ਤਾਂ ਹਰਿੰਦਰ ਸਿੰਘ ਨੇ ਅਚਾਨਕ ਕਥਿਤ ਰੰਜਿਸ਼ ਤਹਿਤ ਰਾਗੀ ਗਗਨਦੀਪ ਸਿੰਘ ’ਤੇ ਆਪਣੇ ਗਾਤਰੇ ਦੀ ਕਿਰਪਾਨ ਨਾਲ ਹਮਲਾ ਕਰ ਦਿੱਤਾ। ਰਾਗੀ ਨੂੰ ਛੁਡਾਉਣ ਲਈ ਅੱਗੇ ਆਏ ਕਲਰਕ ਸੁਰਿੰਦਰ ਸਿੰਘ, ਮੈਨੇਜਰ ਰਤਨ ਸਿੰਘ ਤੇ ਗ੍ਰੰਥੀ ਗੁਰਸੇਵਕ ਸਿੰਘ ’ਤੇ ਵੀ ਉਸ ਨੇ ਕਿਰਪਾਨ ਨਾਲ ਕਈ ਵਾਰ ਕਰ ਦਿੱਤੇ। ਇਸ ਨਾਲ ਚਾਰੇ ਖੂਨ ਨਾਲ ਲਥਪਥ ਹੋ ਗਏ। ਇਸ ਦੌਰਾਨ ਹੱਥੋਪਾਈ ’ਚ ਕਲਰਕ ਸੁਰਿੰਦਰ ਸਿੰਘ ਦੀ ਪੱਗ ਵੀ ਲੱਥ ਗਈ। ਮੌਕਾ ਪਾ ਕੇ ਹਰਿੰਦਰ ਸਿੰਘ ਮੌਕੇ ਤੋਂ ਭੱਜ ਗਿਆ।
ਜ਼ਖ਼ਮੀ ਹੋਏ ਸੁਰਿੰਦਰ ਸਿੰਘ ਵੱਲੋਂ ਪਿੱਛਾ ਕਰ ਕੇ ਰੌਲਾ ਰੱਪਾ ਪਾਉਣ ’ਤੇ ਸਥਾਨਕ ਦੁਕਾਨਦਾਰਾਂ ਨੇ ਹਰਿੰਦਰ ਸਿੰਘ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਮੈਨੇਜਰ ਰਤਨ ਸਿੰਘ ਕੰਗ ਨੇ ਕਿਹਾ ਕਿ ਮੁਲਜ਼ਮ ਨੇ ਕਥਿਤ ਰੰਜਿਸ਼ ਤਹਿਤ ਉਨ੍ਹਾਂ ’ਤੇ ਹਮਲਾ ਕੀਤਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਨੂੰ ਸੂਚਿਤ ਕਰ ਦਿੱਤਾ ਹੈ। ਇਸ ਦੌਰਾਨ ਪੁੱਜੇ ਸ਼੍ਰੋਮਣੀ ਕਮੇਟੀ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ’ਤੇ ਰਿਪੋਰਟ ਬਣਾ ਕੇ ਸ਼੍ਰੋਮਣੀ ਕਮੇਟੀ ਦਫ਼ਤਰ ਭੇਜ ਦਿੱਤੀ ਹੈ। ਜ਼ਖ਼ਮੀ ਮੁਲਾਜ਼ਮਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਚੌਕੀ ਮੁਖੀ ਹਰਜਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਹਰਿੰਦਰ ਸਿੰਘ ਦੇ ਭਤੀਜੇ ਤਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਚਾਚਾ ਹਸਪਤਾਲ ਦਾਖ਼ਲ ਹਨ। ਉਸਦੇ ਵੀ ਸੱਟਾਂ ਲੱਗੀਆਂ ਹਨ ਤੇ ਅਜੇ ਉਹ ਕੁਝ ਨਹੀਂ ਦੱਸ ਰਹੇ।