ਕਾਹਨੂੰਵਾਨ, ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦੇ ਸਾਬਕਾ ਪ੍ਰਧਾਨ ਮਾਸਟਰ ਜੌਹਰ ਸਿੰਘ ਅਤੇ ਛੋਟਾ ਘੱਲੂਘਾਰਾ ਟਰੱਸਟ ਖ਼ਿਲਾਫ਼ ਸੰਘਰਸ਼ ਕਰ ਰਹੀ ਧਿਰ ਦਰਮਿਆਨ ਸੋਮਵਾਰ ਦੇਰ ਸ਼ਾਮ ਮੁੜ ਝਗੜਾ ਹੋ ਗਿਆ। ਇਸ ਝਗੜੇ ’ਚ ਸਾਬਕਾ ਪ੍ਰਧਾਨ ਅਤੇ ਹੋਰ ਤਿੰਨ ਜਣੇ ਜ਼ਖ਼ਮੀ ਹੋ ਗਏ। ਝਗੜੇ ’ਚ ਫੱਟੜ ਹੋਏ ਗੁਰਬਚਨ ਸਿੰਘ, ਮਨਜੀਤ ਸਿੰਘ ਤੇ ਸਰਬਜੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ਰੰਧਾਵਾ ਕਲੋਨੀ ਹਸਪਤਾਲ ਵਿੱਚ ਇਲਾਜ ਅਧੀਨ ਹਨ। ਮਾਸਟਰ ਜੌਹਰ ਸਿੰਘ ਨੇ ਦੱਸਿਆ ਕਿ ਗੁਰਦੁਆਰੇ ’ਚ ਸੇਵਾ ਕਰਨ ਬਾਅਦ ਕੱਲ੍ਹ ਸ਼ਾਮ ਤਕਰੀਬਨ 7.30 ਵਜੇ ਉਹ ਆਪਣੇ ਕਮਰੇ ’ਚ ਕੱਪੜੇ ਬਦਲਣ ਪਹੁੰਚੇ ਸਨ। ਇਸ ਦੌਰਾਨ 15-20 ਮਰਦਾਂ ਤੇ ਔਰਤਾਂ ਨੇ ਕਮਰੇ ’ਚ ਦਾਖ਼ਲ ਹੋ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਸੱਟਾਂ ਲੱਗੀਆਂ ਹਨ। ਮਾਸਟਰ ਜੌਹਰ ਸਿੰਘ ਦੇ ਬਿਆਨਾਂ ‘ਤੇ ਥਾਣਾ ਭੈਣੀ ਮੀਆਂ ਖਾਂ ਪੁਲੀਸ ਨੇ ਦੋ ਦਰਜਨ ਤੋਂ ਵੱਧ ਮਰਦਾਂ ਅਤੇ ਔਰਤਾਂ ਖ਼ਿਲਾਫ਼ ਧਾਰਾ 295 ਏ, 452, 506, 323 ਤੇ 149 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਗੁਰਪ੍ਰਤਾਪ ਸਿੰਘ, ਉਸ ਦੀ ਪਤਨੀ ਦਵਿੰਦਰ ਕੌਰ, ਉਸ ਦੇ ਪੁੱਤਰ ਸਹਿਜ ਦੀਪ ਅਤੇ ਧੀ ਸਿੰਮੀ ਤੋਂ ਇਲਾਵਾ ਲਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰੰਧਾਵਾ ਕਲੋਨੀ, ਬਚਨ ਸਿੰਘ ਛਿੱਛਰਾ, ਸੁੱਚਾ ਸਿੰਘ ਛਿੱਛਰਾ, ਜਸਵੰਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰੰਧਾਵਾ ਕਲੋਨੀ, ਜਸਵੰਤ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਰੰਧਾਵਾ ਕਾਲੋਨੀ, ਸੋਨੂੰ ਟੈਂਪੂ ਵਾਲਾ, ਉਸ ਦੀ ਪਤਨੀ ਅਤੇ ਲਗਪਗ 12 ਅਣਪਛਾਤੇ ਵਿਅਕਤੀਆਂ ਨੂੰ ਇਸ ਕੇਸ ’ਚ ਨਾਮਜ਼ਦ ਕੀਤਾ ਹੈ। ਡੀਐਸਪੀ ਮਨਜੀਤ ਸਿੰਘ ਅਤੇ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਜੌਹਰ ਸਿੰਘ ਦੇ ਬਿਆਨਾਂ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਪੁਲੀਸ ਨੇ ਦੁਪਹਿਰ ਵੇਲੇ ਪਿੰਡ ਰੰਧਾਵਾ ਕਲੋਨੀ ਦੇ ਕਈ ਘਰਾਂ ’ਚ ਛਾਪੇ ਮਾਰ ਕੇ ਕੁੱਝ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਹੈ।