ਗੁਰਦਾਸਪੁਰ, 9 ਅਗਸਤ
ਭਾਰਤ-ਪਾਕਿਸਤਾਨ ਦੀ ਵੰਡ ਵੇਲੇ 76 ਸਾਲ ਪਹਿਲਾਂ ਵਿਛੜੇ ਭੈਣ-ਭਰਾ ਦਾ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਮੇਲ ਹੋਇਆ ਹੈ, ਜਿਥੇ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਵਿਅਕਤੀ ਆਪਣੀ ਪਾਕਿਸਤਾਨ ਰਹਿੰਦੀ ਭੈਣ ਨੂੰ ਮਿਲਿਆ। ਇਨ੍ਹਾਂ ਭੈਣ-ਭਰਾਵਾਂ ਦੀ ਮਿਲਣੀ ਸੋਸ਼ਲ ਮੀਡੀਆ ਕਾਰਕੁਨ ਨਾਸਿਰ ਢਿੱਲੋਂ ਦੇ ਯਤਨਾਂ ਸਦਕਾ ਸੰਭਵ ਹੋ ਸਕੀ। ਨਾਸਿਰ ਨੇ ਸਾਲ 2016 ਵਿੱਚ ਯੂਟਿਊਬ ’ਤੇ ‘ਪੰਜਾਬੀ ਲਹਿਰ’ ਨਾਮੀ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜੋ ਵੰਡ ਵੇਲੇ ਵਿਛੜੇ ਦੋਵੇਂ ਦੇਸ਼ਾਂ ਦੇ ਭੈਣ-ਭਰਾਵਾਂ ਨੂੰ ਦੁਬਾਰਾ ਮਿਲਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਪਿਛਲੇ ਸਾਲ ਸ੍ਰੀ ਢਿੱਲੋਂ ਨੇ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਗੁਰਦਾਸ ਦੀ ਰਹਿਣ ਵਾਲੀ ਸਕੀਨਾ ਬੀ ਦੀ ਵੀਡੀਓ ਅਪਲੋਡ ਕੀਤੀ ਸੀ, ਜਿਸ ਵਿੱਚ ਉਹ ਆਪਣੇ ਲੁਧਿਆਣਾ ਜ਼ਿਲ੍ਹੇ ਪਿੰਡ ਜੱਸੋਵਾਲ ਸੂਦਾਂ ਦੇ ਰਹਿਣ ਵਾਲੇ ਆਪਣੇ ਭਰਾ ਗੁਰਮੇਲ ਸਿੰਘ ਗਰੇਵਾਲ ਨੂੰ ਮਿਲਣ ਲਈ ਬੇਨਤੀ ਕਰਦੀ ਹੈ। ਇਹ ਵੀਡੀਓ ਪਿੰਡ ਜੱਸੋਵਾਲ ਸੂਦਾਂ ਦੇ ਸਰਪੰਚ ਜਗਤਾਰ ਸਿੰਘ ਨੇ ਦੇਖ ਲਈ। ਉਪਰੰਤ ਜਗਤਾਰ ਸਿੰਘ ਨੇ ਢਿੱਲੋਂ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਦੱਸਿਆ ਕਿ ਗਰੇਵਾਲ ਉਨ੍ਹਾਂ ਦੇ ਪਿੰਡ ਵਿਚ ਰਹਿੰਦਾ ਹੈ। ਜਗਤਾਰ ਸਿੰਘ ਨੇ ਨਾਸਿਰ ਢਿੱਲੋਂ ਨੂੰ ਦੱਸਿਆ ਕਿ ਗਰੇਵਾਲ 7 ਅਗਸਤ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਆ ਰਿਹਾ ਹੈ।
ਦੂਜੇ ਪਾਸੇ ਢਿੱਲੋਂ ਨੇ ਸਕੀਨਾ ਬੀ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਕੱਲ੍ਹ ਸਕੀਨਾ ਬੀ ਆਪਣੇ 16 ਪਰਿਵਾਰਕ ਮੈਂਬਰਾਂ ਸਣੇ ਆਪਣੇ ਭਰਾ ਨੂੰ ਮਿਲਣ ਗੁਰਦੁਆਰੇ ਪੁੱਜੀ, ਜਿਨ੍ਹਾਂ ਵਿੱਚ ਉਸ ਦੀਆਂ ਧੀਆਂ ਤੇ ਜਵਾਈ ਵੀ ਸ਼ਾਮਲ ਸਨ। ਗਰੇਵਾਲ ਨਾਲ ਉਸ ਦੇ ਪਿੰਡ ਦਾ ਪੰਚ ਪ੍ਰਿਤਪਾਲ ਸਿੰਘ ਬਰਾੜ ਮੌਜੂਦ ਸੀ। ਵਿਛੜੇ ਭੈਣ-ਭਰਾ ਨੇ ਮਿਲ ਕੇ ਆਪਣੇ ਦੁੱਖ-ਸੁੱਖ ਸਾਂਝੇ ਕੀਤੇ। ਇੱਕ-ਦੂਜੇ ਨੂੰ ਉਪਹਾਰ ਵੀ ਦਿੱਤੇ, ਜਿਨ੍ਹਾਂ ਵਿੱਚ ਬਿਸਕੁਟ, ਘੜੀ ਤੇ ਰੱਖੜੀ ਸ਼ਾਮਲ ਸਨ। ਜਾਣਕਾਰੀ ਅਨੁਸਾਰ ਨਾਸਿਰ ਢਿੱਲੋਂ ਹੁਣ ਤੱਕ ਵੰਡ ਵੇਲੇ ਵਿਛੜੇ ਵੱਡੀ ਗਿਣਤੀ ਲੋਕਾਂ ਦੀਆਂ ਮੁਲਾਕਾਤਾਂ ਕਰਵਾ ਚੁੱਕਿਆ ਹੈ।