ਬਠਿੰਡਾ, 19 ਮਈ
ਲੋਕਾਂ ਦੇ ਨੇਤਾ ਵਜੋਂ ਜਾਣੇ ਜਾਂਦੇ ਸਾਬਕਾ ਸਾਂਸਦ ਸ: ਗੁਰਦਾਸ ਸਿੰਘ ਬਾਦਲ ਜੀ ਨਮਿਤ ਅੰਤਿਮ ਅਰਦਾਸ ਉਨਾਂ ਦੇ ਜੱਦੀ ਪਿੰਡ ਬਾਦਲ ਵਿਚ ਉਨਾਂ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਉਘੀਆਂ ਸਿਆਸੀ ਅਤੇ ਸਮਾਜਿਕ ਸਖ਼ਸੀਅਤਾਂ ਨੇ ਸ: ਗੁਰਦਾਸ ਸਿੰਘ ਬਾਦਲ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇੱਥੇ ਜਿਕਰਯੋਗ ਹੈ ਕਿ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਉਹ ਪਿੱਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ।
ਇਸ ਮੌਕੇ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੀਆਂ ਸਖ਼ਸੀਅਤਾਂ ਦਾ ਸ਼ੁਕਰਾਨਾ ਕਰਦਿਆਂ ਸ: ਗੁਰਦਾਸ ਸਿੰਘ ਬਾਦਲ ਜੀ ਦੇ ਪੁੱਤਰ ਅਤੇ ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਿੱਛਲੇ ਥੋੜੇ ਜਿਹੇ ਸਮੇਂ ਵਿਚ ਹੀ ਮਾਤਾ ਜੀ ਅਤੇ ਪਿਤਾ ਜੀ ਦਾ ਜੀਵਨ ਵਿਚੋਂ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸ ਨੇ ਉਨਾਂ ਨੂੰ ਇੱਕਲਾ ਕਰ ਦਿੱਤਾ ਹੈ, ਪਰ ਅੱਜ ਉਨਾਂ ਦੇ ਨਮਿਤ ਰੱਖੀ ਅੰਤਿਮ ਅਰਦਾਸ ਵਿਚ ਉਨਾਂ ਦੇ ਸਨੇਹੀਆਂ ਨੇ ਆ ਕੇ ਉਨਾਂ ਦੇ ਮਨ ਨੂੰ ਹਿੰਮਤ ਦਿੱਤੀ ਹੈ।
ਸ: ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਭਾਵੂਕ ਹੁੰਦਿਆਂ ਕਿਹਾ ਕਿ ਜੀਵਨ ਵਿਚ ਮਾਂ ਬਾਪ ਦੀ ਸੇਵਾ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਅਤੇ ਜਿਸ ਕੋਲ ਵੀ ਹਾਲੇ ਇਹ ਮੌਕਾ ਹੈ ਉਹ ਇਸ ਮੌਕੇ ਦਾ ਲਾਹਾ ਲਵੇ। ਉਨਾਂ ਨੇ ਕਿਹਾ ਕਿ ਉਨਾਂ ਦੇ ਮਾਤਾ ਜੀ ਦੀਆਂ ਦੁਆਵਾ ਅਤੇ ਪਿਤਾ ਜੀ ਵੱਲੋਂ ਮਿਲੀ ਸੂਝ ਨਾਲ ਹੀ ਉਹ ਜਿੰਦਗੀ ਵਿਚ ਇਸ ਮੁਕਾਮ ਤੇ ਪੁੱਜੇ ਹਨ।
ਸ: ਗੁਰਦਾਸ ਸਿੰਘ ਬਾਦਲ ਜਿੰਨਾਂ ਨੂੰ ਉਨਾਂ ਦੇ ਚਾਹੁਣ ਵਾਲੇ ‘ਦਾਸ ਜੀ’ ਕਿਹਾ ਕਰਦੇ ਸਨ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਦਾ ਜਿਕਰ ਕਰਦਿਆਂ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਇਕ ਵੱਡੇ ਛਾਂਦਾਰ ਰੁੱਖ ਵਾਂਗ ਸਨ ਅਤੇ ਉਨਾਂ ਦੇ ਸਨੇਹ ਅਤੇ ਪਿਆਰ ਦੀ ਛਾਂ ਵਿਚ ਕਿੰਨੀਆਂ ਹੀ ਵੱਡੀਆਂ ਸਖ਼ਸੀਅਤਾਂ ਨੇ ਉਭਰ ਕੇ ਸਿਆਸਤ ਅਤੇ ਹੋਰ ਖੇਤਰਾਂ ਵਿਚ ਮੱਲਾਂ ਮਾਰੀਆਂ ਹਨ। ਉਹ ਹਮੇਸਾਂ ਆਮ ਲੋਕਾਂ ਨਾਲ ਜੁੜੇ ਰਹੇ ਅਤੇ ਲੋਕਾਂ ਦਾ ਪਿਆਰ ਹੀ ਉਨਾਂ ਦੀ ਸਭ ਤੋਂ ਵੱਡੀ ਕਮਾਈ ਸੀ।
ਵਿੱਤ ਮੰਤਰੀ ਨੇ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਏ ਸਮੂਹ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ ਅਤੇ ‘ਦਾਸ ਜੀ’ ਨੂੰ ਚਾਹੁਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਜੀ ਦੇ  ਨਕਸ਼ ਏ ਕਦਮ ਤੇ ਚੱਲਣਗੇ ਅਤੇ ਉਨਾਂ ਦੀ ਇਹੀ ਅਰਦਾਸ ਹੈ ਕਿ ਉਨਾਂ ਦਾ ਜੀਵਨ ਇਸ ਧਰਤ ਦੀ ਸੇਵਾ ਵਿਚ ਸਮਰਪਿਤ ਰਹੇ।
ਇਸ ਮੌਕੇ  ‘ਦਾਸ ਜੀ’ ਦੇ ਭਰਾ ਅਤੇ ਸਾਬਕਾ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ, ਸਾਬਕਾ ਉਪਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ, ਦੀਪਇੰਦਰ ਸਿੰਘ ਬਾਦਲ, ਸ: ਲਾਲੀ ਬਾਦਲ, ਸ: ਮਹੇਸ਼ਇੰਦਰ ਸਿੰਘ ਬਾਦਲ, ਮੇਜਰ ਭੁਪਿੰਦਰ ਸਿੰਘ, ਸ੍ਰੀਮਤੀ ਵਿਨੂੰ ਬਾਦਲ, ਸ੍ਰੀਮਤੀ ਪਰਨੀਤ ਕੌਰ, ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸ: ਜੈਜੀਤ ਸਿੰਘ ਜੌਹਲ, ਸ: ਗੁਰਰਾਜ ਸਿੰਘ ਫੱਤਣਵਾਲਾ, ਸ: ਮਨਜੀਤ ਸਿੰਘ ਫੱਤਣਵਾਲਾ, ਸ: ਜਗਜੀਤ ਸਿੰਘ ਹਨੀ ਫੱਤਣਵਾਲਾ, ਉਨਾਂ ਦੇ ਪੋਤਰੇ ਅਰਜੁਨ ਸਿੰਘ ਬਾਦਲ ਅਤੇ ਪੋਤਰੀ ਰਿਆ ਬਾਦਲ, ਜਗਬੀਰ ਸਿੰਘ ਬਰਾੜ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ,  ਸ: ਗੁਰਕੀਰਤ ਸਿੰਘ ਕੋਟਲੀ, ਰਣਦੀਪ ਸਿੰਘ ਨਾਭਾ, ਲਖਵੀਰ ਸਿੰਘ ਲੱਖਾ, ਸ: ਗੁਰਪ੍ਰੀਤ ਸਿੰਘ ਜੀਪੀ, ਸ੍ਰੀ ਰਾਕੇਸ਼ ਪਾਂਡੇ, ਸ੍ਰੀਮਤੀ ਬਲਜਿੰਦਰ ਕੌਰ ਅਤੇ ਮੁੱਖ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ੍ਰੀ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਸ੍ਰੀ ਦਿਨਕਰ ਗੁਪਤਾ ਡੀਜੀਪੀ ਪੰਜਾਬ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਵਿਸੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ: ਗੁਰਕੀਰਤ ਿਪਾਲ ਸਿੰਘ, ਓਐਸਡੀ ਮੇਜਰ ਅਮਰਦੀਪ ਸਿੰਘ, ਸ: ਦਮਨਵੀਰ ਸਿੰਘ ਮੋਹੀ, ਸ: ਸਿਕੰਦਰ ਸਿੰਘ ਮਲੂਕਾ, ਸ: ਬਲਵਿੰਦਰ ਸਿੰਘ ਭੂੰਦੜ ਆਦਿ ਵੀ ਹਾਜਰ ਸਨ।