ਬਠਿੰਡਾ,4 ਸਤੰਬਰ
ਸਾਬਕਾ ਐਮਪੀ ਗੁਰਦਾਸ ਬਾਦਲ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਆਪਣੇ ਵੱਡੇ ਭਰਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਮੂੰਹ ਖੋਲ੍ਹਣ ਤੋਂ ਦੜ ਵੱਟ ਲਈ ਹੈ। ਹੁਣ ਜਦੋਂ ਵੱਡੇ ਬਾਦਲ ਬੇਅਦਬੀ ਮਾਮਲੇ ਵਿੱਚ ਸਭਨਾਂ ਧਿਰਾਂ ਦੇ ਨਿਸ਼ਾਨੇ ’ਤੇ ਹਨ ਤਾਂ ਉਦੋਂ ਇਸ ਬਿਪਤਾ ਦੀ ਘੜੀ ਵਿੱਚ ਦਾਸ ਆਪਣੇ ਭਰਾ ਪਾਸ਼ ਬਾਰੇ ਇੱਕ ਲਫ਼ਜ਼ ਵੀ ਨਹੀਂ ਬੋਲਣਾ ਚਾਹੁੰਦੇ। ਬਾਦਲ ਪਰਿਵਾਰ ’ਚ ਸਿਆਸੀ ਲਕੀਰਾਂ ਕਿਸੇ ਤੋਂ ਗੁੱਝੀਆਂ ਨਹੀਂ, ਪਰ ਜਾਪਦਾ ਹੈ ਕਿ ਇਹ ਲਕੀਰ ‘ਦਾਸ’ ਅਤੇ ‘ਪਾਸ਼’ ਦੇ ਮੋਹ ਵਿੱਚ ਵਲ ਨਹੀਂ ਪਾ ਸਕੀ। ਮਾਮਲਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ ਤਾਂ ਗੁਰਦਾਸ ਬਾਦਲ ਨੇ ਇਸ ਮਾਮਲੇ ’ਤੇ ਚੁੱਪ ਵੱਟਣ ’ਚ ਹੀ ਭਲੀ ਸਮਝੀ।
ਪਤਾ ਲੱਗਾ ਹੈ ਕਿ ਕਰੀਬ 10 ਦਿਨਾਂ ਮਗਰੋਂ ਸਾਬਕਾ ਮੁੱਖ ਮੰਤਰੀ ਅੱਜ ਆਪਣੇ ਪਿੰਡ ਬਾਦਲ ਪਰਤਣ ਲੱਗੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮਗਰੋਂ ਬਾਦਲ ਪਰਿਵਾਰ ਨੂੰ ਵਿਰੋਧੀ ਧਿਰਾਂ ਅਤੇ ਪੰਜਾਬ ਦੇ ਲੋਕਾਂ ਨੇ ਕਟਹਿਰੇ ’ਚ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਇਸ ਗੰਭੀਰ ਮਸਲੇ ’ਤੇ ਸਾਬਕਾ ਐਮਪੀ ਗੁਰਦਾਸ ਸਿੰਘ ਬਾਦਲ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਨ੍ਹਾਂ ‘ਇੱਕ ਚੁੱਪ ਸੌ ਸੁੱਖ’ ਦੀ ਨੀਤੀ ਅਪਣਾ ਲਈ। ਉਨ੍ਹਾਂ ਨਾ ਕੁਝ ਚੰਗਾ ਆਖਿਆ ਅਤੇ ਨਾ ਹੀ ਕੁਝ ਮਾੜਾ। ਗੁਰਦਾਸ ਬਾਦਲ ਨੂੰ ਜਦੋਂ ਪਹਿਲਾਂ ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਪੁੱਛਿਆ ਤਾਂ ਦਾਸ ਨੇ ਆਖਿਆ ਕਿ ‘ਪੰਜਾਬ ਦੇ ਲੋਕਾਂ ਤੋਂ ਪੁੱਛੋ’। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ‘ਮੈਂ ਤਾਂ ਸਿਆਸਤ ਦਾ ਕੰਮ ਹੀ ਛੱਡ ਦਿੱਤਾ।’ ਕਮਿਸ਼ਨ ਦੀ ਰਿਪੋਰਟ ਬਾਰੇ ਮੁੜ ਜਾਣਨਾ ਚਾਹਿਆ ਤਾਂ ਗੁਰਦਾਸ ਬਾਦਲ ਨੇ ਪੂਰੀ ਤਰ੍ਹਾਂ ਗੱਲ ਤੋਂ ਟਾਲ਼ਾ ਵੱਟ ਲਿਆ। ਉਨ੍ਹਾਂ ਆਖਿਆ, ‘‘ਮੇਰੀ ਤਾਂ ਹੁਣ ਨੱਬੇ ਸਾਲ ਦੀ ਉਮਰ ਹੋ ਗਈ ਹੈ, ਹੁਣ ਮੈਂ ਕਿਸੇ ਚੋਣ ’ਚ ਨਹੀਂ ਜਾਣਾ, ਮੈਂ ਤਾਂ ਰਿਟਾਇਰ ਹੋ ਗਿਆ ਹਾਂ।’’ ਯਾਦ ਰਹੇ ਕਿ ਮਨਪ੍ਰੀਤ ਬਾਦਲ ਦੇ ਸਿਆਸੀ ਰਾਹ ਵੱਖ ਹੋਣ ਮਗਰੋਂ ਗੁਰਦਾਸ ਬਾਦਲ ਭਾਵੇਂ ਸਿਆਸੀ ਮੈਦਾਨ ਵਿੱਚ ਆਪਣੇ ਭਰਾ ਖ਼ਿਲਾਫ਼ ਵਿਚਰੇ, ਪਰ ਇੱਕ ਦੂਜੇ ਨੇ ਆਪਣੇ ਮੋਹ ਦੀ ਤੰਦ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ। ਗੁਰਦਾਸ ਬਾਦਲ ਦੇ ਪ੍ਰਤੀਕਰਮ ਤੋਂ ਸਪਸ਼ਟ ਸੀ ਕਿ ਉਹ ਬੇਅਦਬੀ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇੰਜ ਜਾਪਦਾ ਹੈ ਕਿ ਦਾਸ ਇਸ ਮਾਮਲੇ ’ਤੇ ਆਪਣੇ ਭਰਾ ਦੇ ਜ਼ਖ਼ਮ ਕੁਰੇਦਣਾ ਨਹੀਂ ਚਾਹੁੰਦੇ। ਸਿਆਸੀ ਵਖਰੇਵੇਂ ਭਾਵੇਂ ਜਿੰਨੇ ਮਰਜ਼ੀ ਹੋਣ, ਪਰ ਸਰੀਰਕ ਦੁੱਖ ਸੁੱਖ ’ਚ ਦਾਸ ਤੇ ਪਾਸ਼ ਨੇ ਕਦੇ ਵੀ ਰਿਸ਼ਤਿਆਂ ਦੀ ਲਛਮਣ ਰੇਖਾ ਨਹੀਂ ਉਲੰਘੀ। ਮਨਪ੍ਰੀਤ ਬਾਦਲ ਨੇ ਜਦੋਂ ਸਿਆਸੀ ਤੌਰ ’ਤੇ ਅੱਡਰਾ ਰਾਹ ਫੜਿਆ ਤਾਂ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਵੱਡਾ ਦੁੱਖ ਭਰਾ ਨਾਲੋਂ ਟੁੱਟ ਜਾਣ ਨੂੰ ਦੱਸਿਆ ਸੀ। ਸਾਬਕਾ ਐਮਪੀ ਗੁਰਦਾਸ ਬਾਦਲ ਆਪਣੇ ਲੜਕੇ ਮਨਪ੍ਰੀਤ ਬਾਦਲ ਦੇ ਚੋਣ ਹਲਕੇ ਵਿਚ ਚੋਣਾਂ ਸਮੇਂ ਜ਼ਰੂਰ ਵਿਚਰਦੇ ਰਹੇ, ਪਰ ਹੁਣ ਕਦੇ ਨਜ਼ਰ ਨਹੀਂ ਪਏ। ਉਨ੍ਹਾਂ ਦੀ ਨੂੰਹ ਵੀਨੂੰ ਬਾਦਲ ਜਦੋਂ ਵੀ ਸਮਾਂ ਮਿਲੇ, ਬਠਿੰਡਾ ਸ਼ਹਿਰ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹਨ। ਗੁਰਦਾਸ ਬਾਦਲ ਦਾ ਪੋਤਾ ਅਰਜਨ ਬਾਦਲ ਵੀ ਆਪਣੇ ਪਿਤਾ ਦੇ ਹਲਕੇ ਵਿੱਚ ਵਿਚਰਦਾ ਰਿਹਾ ਹੈ। ਗੁਰਦਾਸ ਬਾਦਲ ਨੇ ਦੱਸਿਆ ਕਿ ਪੋਲੋ ਖੇਡਦਿਆਂ ਅਰਜਨ ਦੇ ਪੈਰ ਵਿੱਚ ਮੋਚ ਵਗੈਰਾ ਆ ਗਈ ਸੀ ਅਤੇ ਉਹ ਹੁਣ ਵਾਪਸ ਪੜ੍ਹਨ ਲਈ ਅਮਰੀਕਾ ਚਲਾ ਗਿਆ ਹੈ।