ਬਠਿੰਡਾ, ਕਾਂਗਰਸੀ ਆਗੂ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਬਾਦਲਾਂ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲੋਂ ਵੱਖਰੀ ਸੁਰ ਅਪਣਾਉਂਦਿਆਂ ਆਖਿਆ ਕਿ ਪੰਜਾਬ ਨੂੰ ਦਸ ਸਾਲ ਲੁੱਟਣ ਵਾਲਿਆਂ ਨੂੰ ਗੁਰਦਾਸਪੁਰ ਚੋਣ ਮਗਰੋਂ ਜੇਲ੍ਹ ਦਾ ਰਸਤਾ ਵਿਖਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ ਹੈ, ਉਹ ਜੇਲ੍ਹ ਜਾਣ ਦੀ ਤਿਆਰੀ ਕਰ ਲੈਣ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਹੋਏ ਸਨ।
ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹੈ। ਮੋਦੀ ਸਰਕਾਰ ਨੇ ਅਕਾਲੀ ਦਲ ਨਾਲ ਮਿਲੀਭੁਗਤ ਕਰ ਕੇ ਆਖ਼ਰੀ ਦਿਨਾਂ ਵਿੱਚ 31 ਹਜ਼ਾਰ ਕਰੋੜ ਰੁਪਏ ਦਾ ਕਥਿਤ ਅਨਾਜ ਘੁਟਾਲਾ ਕਰਜ਼ੇ ਵਿੱਚ ਤਬਦੀਲ ਕਰ ਕੇ ਸੂਬਾ ਸਰਕਾਰ ਉਤੇ ਵੱਡਾ ਬੋਝ ਪਾ ਦਿੱਤਾ ਤੇ ਨਤੀਜੇ ਵਜੋਂ ਪੰਜਾਬ ਸਰਕਾਰ ਡਿਫਾਲਟਰ ਹੋ ਗਈ ਹੈ। ਉਨ੍ਹਾਂ ਆਖਿਆ ਕਿ ਗੱਠਜੋੜ ਸਰਕਾਰ ਦੇ ਦਸ ਵਰ੍ਹਿਆਂ ਦੀ ਪੜਤਾਲ ਚੱਲ ਰਹੀ ਹੈ ਤੇ ਖ਼ਜ਼ਾਨੇ ਦੀ ਲੁੱਟ ਦਾ ਸਾਰਾ ਹਿਸਾਬ-ਕਿਤਾਬ ਲਿਆ ਜਾਵੇਗਾ। ਸ੍ਰੀ ਬਿੱਟੂ ਨੇ ਤਿੰਨ ਪ੍ਰਮੁੱਖ ਆਗੂਆਂ ਦੇ ਨਾਮ ਲਏ ਤੇ ਇਨ੍ਹਾਂ ਆਗੂਆਂ ਨੂੰ ਗੁਰਦਾਸਪੁਰ ਚੋਣ ਮਗਰੋਂ ਜੇਲ੍ਹ ਭੇਜਣ ਦੀ ਗੱਲ ਆਖੀ। ਦੱਸਣਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਤੇ ਸਾਥੀਆਂ ਨੇ ਚਿੱਟੀ ਮੱਖੀ ਦੇ ਮਾਮਲੇ ’ਤੇ 30 ਦਸੰਬਰ 2015 ਨੂੰ ਬਠਿੰਡਾ ਵਿੱਚ ਸੰਘਰਸ਼ ਕੀਤਾ ਸੀ, ਜਿਸ ਕਾਰਨ ਬਿੱਟੂ ਤੇ ਹੋਰਾਂ ਖ਼ਿਲਾਫ਼ ਬਠਿੰਡਾ ਵਿੱਚ ਦੋ ਕੇਸ ਦਰਜ ਹੋਏ ਸਨ। ਸ੍ਰੀ ਬਿੱਟੂ ਨੇ ਅੱਜ ਦੋਵਾਂ ਕੇਸਾਂ ਵਿੱਚ ਪੇਸ਼ੀ ਭੁਗਤੀ। ਮਾਮਲੇ ਦੀ ਅਗਲੀ ਸੁਣਵਾਈ 15 ਨਵੰਬਰ ਨੂੰ ਹੋਵੇਗੀ।