ਪਟਿਆਲਾ, 26 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਆਪਣੇ ਰੁਝੇਵਿਆਂ ਕਰ ਕੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਪ੍ਰਚਾਰ ਨਹੀਂ ਕਰ ਸਕਣਗੇ। ਇਹ ਖ਼ੁਲਾਸਾ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਪ੍ਰਫੁੱਲਿਤ ਕਰਨ ਲਈ ਦੂਸਰੇ ਪੜਾਅ ਦੇ ਆਗਾਜ਼ ਦੀ ਸ਼ੁਰੂਆਤ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਹ ਇੱਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਭਾਈ ਲਾਲੋ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਹਿੱਸਾ ਲੈਣ ਆਏ ਸਨ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਤੇਜ਼ ਕਰਨ ਲਈ ਲਗਭਗ ਰੋਜ਼ਾਨਾ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ ਜਾਂ ਅਜਿਹੇ ਪ੍ਰੋਗਰਾਮਾਂ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਨ੍ਹਾਂ ਧਾਰਮਿਕ ਕਾਰਜਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਰੁਝੇਵਿਆਂ ਕਰ ਕੇ ਉਨ੍ਹਾਂ ਕੋਲ ਵਿਹਲ ਹੀ ਨਹੀਂ ਹੈ। ਇਸ ਲਈ ਉਹ ਗੁਰਦਾਸਪੁਰ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਕਰਨ ਨਹੀਂ ਜਾ ਸਕਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣਾਂ ਦੇ ਦਿਨਾਂ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਧਾਰਮਿਕ ਪ੍ਰੋਗਰਾਮ ਨਹੀਂ ਹੈ।
ਇਸ ਤੋਂ ਪਹਿਲਾਂ ਪ੍ਰੋ. ਬਡੂੰਗਰ ਨੇ ਭਾਈ ਲਾਲੋ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਲਾਲੋ ‘ਸੱਚੀ ਕਿਰਤ’ ਕਰਨ ਵਾਲੇ ਗੁਰੂ ਘਰ ਦੇ ਅਜਿਹੇ ਸ਼ਰਧਾਲੂ ਸਨ, ਜਿਨ੍ਹਾਂ ਨੇ ਗੁਰਮਤਿ ਫਲਸਫ਼ੇ ਤਹਿਤ ‘ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ’ ਦੀ ਲਿਵ ਰਾਹੀਂ ਮਨੁੱਖਤਾ ਨੂੰ ਜੀਵਨ ਦੇ ਅਸਲ ਸਿਧਾਂਤ ਨਾਲ ਜੋੜਨ ਦਾ ਮਾਰਗ ਦਿਖਾਇਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪੀਰ ਬੁੱਧੂ ਸ਼ਾਹ ਦੀ ਯਾਦ ਵਿੱਚ 4 ਅਕਤੂਬਰ ਨੂੰ ਆਨੰਦਪੁਰ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਉਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ 5 ਅਕਤੂਬਰ ਨੂੰ ਸ਼ਹੀਦ ਭਾਈ ਮਤੀ ਦਾਸ, ਸ਼ਹੀਦ ਭਾਈ ਸਤੀ ਦਾਸ ਅਤੇ ਸ਼ਹੀਦ ਭਾਈ ਦਿਆਲਾ ਦੀ ਯਾਦ ਵਿੱਚ ਗੁਰਦੁਆਰਾ ਨਾਨਕਿਆਣਾ ਸਾਹਿਬ, ਸੰਗਰੂਰ ਵਿਖੇ ਧਾਰਮਿਕ ਸਮਾਗਮ ਕਰਵਾਏ ਜਾਣਗੇ।