ਪੋਰਬੰਦਰ (ਗੁਜਰਾਤ), 7 ਮਾਰਚ

ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਏਟੀਐੱਸ ਨੇ ਸਾਂਝੀ ਕਾਰਵਾਈ ਦੌਰਾਨ ਗੁਜਰਾਤ ਤੋਂ ਦੂਰ ਅਰਬ ਸਾਗਰ ਵਿੱਚ ਭਾਰਤੀ ਜਲ ਸੀਮਾ ਵਿੱਚ 425 ਕਰੋੜ ਰੁਪਏ ਦੀ ਕੀਮਤ ਦੇ 61 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਤੇ ਪੰਜ ਮੁਲਜ਼ਮਾਂ ਨੂੰ ਇਰਾਨੀ ਕਿਸ਼ਤੀ ਸਣੇ ਕਾਬੂ ਕੀਤਾ ਹੈ। ਇਹ ਕਾਰਵਾਈ ਸੋਮਵਾਰ ਦੇਰ ਰਾਤ ਨੂੰ ਕੀਤੀ ਗਈ। ਏਟੀਐੱਸ ਦੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਜਲ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਖ਼ੁਫ਼ੀਆ ਸੂਚਨਾ ‘ਤੇ ਤੱਟ ਰੱਖਿਅਕ ਅਤੇ ਏਟੀਐੱਸ ਨੇ ਨਜ਼ਰ ਰੱਖੀ ਹੋਈ ਸੀ ਅਤੇ ਓਖਾ ਬੰਦਰਗਾਹ ਤੋਂ ਕੁਝ ਸੌ ਨੌਟੀਕਲ ਮੀਲ ਦੂਰ ਇਰਾਨੀ ਕਿਸ਼ਤੀ ਮੱਛੀਆਂ ਫੜ ਰਹੀ ਸੀ। ਸ਼ੱਕ ਹੋਣ ‘ਤੇ ਤੱਟ ਰੱਖਿਅਕ ਟੀਮ ਨੇ ਪਿੱਛਾ ਕੀਤਾ ਅਤੇ ਕਿਸ਼ਤੀ ਦੀ ਜਾਂਚ ਕਰਨ ‘ਤੇ ਉਸ ‘ਚੋਂ 61 ਕਿਲੋ ਨਸ਼ੀਲਾ ਪਦਾਰਥ ਬਰਾਮਦ ਹੋਇਆ| ਸਾਰੇ ਪੰਜ ਇਰਾਨੀ ਅਤੇ ਉਨ੍ਹਾਂ ਦੀ ਕਿਸ਼ਤੀ ਨੂੰ ਓਖਾ ਬੰਦਰਗਾਹ ‘ਤੇ ਲਿਆਂਦਾ ਗਿਆ।