ਮੁੰਬਈ:ਡਿਜੀਟਲ ਮੰਚ ਨੇ ਬਹੁਤ ਸਾਰੇ ਸ਼ਾਨਦਾਰ ਕਲਾਕਾਰ ਦਿੱਤੇ ਹਨ। ਅਜਿਹੇ ਹੀ ਕਲਾਕਾਰਾਂ ’ਚੋਂ ਇੱਕ ਨਾਂ ਤ੍ਰਿਪਤੀ ਖਾਮਕਰ ਹੈ, ਜਿਸ ਦੇ ਕੰਮ ਨੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਅਦਾਕਾਰਾ ਨੇ ‘ਏਆਈਬੀ’ ਰਾਹੀਂ ਮਨੋਰੰਜਨ ਦੀ ਦੁਨੀਆ ਵਿੱਚ ਦਬਦਬਾ ਬਣਾਇਆ, ਜਿਸ ਰਾਹੀਂ ਉਸ ਨੇ ਖਾਸੀ ਪ੍ਰਸਿੱਧੀ ਖੱਟੀ। ਇਸ ਮਗਰੋਂ ‘ਤੁਮਹਾਰੀ ਸੁਲੂ’ ਅਤੇ ‘ਦਿ ਵ੍ਹਾਈਟ ਟਾਈਗਰ’ ਵਿੱਚ ਉਸ ਨੇ ਵਿਦਿਆ ਬਾਲਨ, ਰਾਜਕੁਮਾਰ ਰਾਓ ਅਤੇ ਪ੍ਰਿਯੰਕਾ ਚੋਪੜਾ ਨਾਲ ਕੰਮ ਕੀਤਾ ਅਤੇ ਹੁਣ ਉਹ ਆਪਣੇ ਅਗਲੇ ਪ੍ਰਾਜੈਕਟ ‘ਗਿਰਗਿਟ’ ਲਈ ਤਿਆਰ ਹੈ, ਜਿਸ ਵਿੱਚ ਉਸ ਨੇ ਇੱਕ ਠੱਗ ਲੜਕੀ ਦਾ ਕਿਰਦਾਰ ਅਦਾ ਕੀਤਾ ਹੈ। ਇਹ ਸੀਰੀਜ਼ ਏਐੱਲਟੀ ਬਾਲਾਜੀ ਅਤੇ ਐੱਮਐੱਕਸ ਪਲੇਅਰ ’ਤੇ 27 ਅਕਤੂਬਰ ਨੂੰ ਰਿਲੀਜ਼ ਹੋਵੇਗੀ, ਜਿਸ ਵਿੱਚ ਤ੍ਰਿਪਤੀ ਪਹਿਲੀ ਵਾਰ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਬਾਰੇ ਤਜਰਬਾ ਸਾਂਝਾ ਕਰਦਿਆਂ ਉਸ ਨੇ ਕਿਹਾ, ‘‘ਮੈਂ ਪਹਿਲਾਂ ਕਦੇ ਸਕਰੀਨ ’ਤੇ ਰੋਮਾਂਟਿਕ ਸੀਨ ਜਾਂ ਅਜਿਹਾ ਕੁਝ ਨਹੀਂ ਕੀਤਾ, ਜਿਸ ਨੇ ਮੈਨੂੰ ਵਧੇਰੇ ਸੁਚੇਤ ਕੀਤਾ।’’ ਪਰ ਜਲਦੀ ਹੀ ਉਸ ਨੇ ਘਬਰਾਹਟ ’ਤੇ ਕਾਬੂ ਪਾ ਲਿਆ। ਉਸ ਨੇ ਕਿਹਾ, ‘‘ਸ਼ੂਟਿੰਗ ਤੋਂ ਕੁਝ ਦਿਨ ਪਹਿਲਾਂ ਮੈਂ ਥੋੜ੍ਹੀ ਘਬਰਾਈ ਹੋਈ ਸੀ। ਮੇਰੇ ਨਿਰਦੇਸ਼ਕ ਨੇ ਮੈਨੂੰ ਦਿਲਾਸਾ ਦਿੱਤਾ ਕਿਉਂਕਿ ਮੈਂ ਸ਼ਾਟ ਵਿੱਚ ਨਿਡਰ ਦਿਖਾਈ ਦੇਣਾ ਸੀ। ਜੇ ਮੈਂ ਡਰਦੀ ਦਿਖਾਈ ਦਿੰਦੀ ਤਾਂ ਸ਼ਾਇਦ ਦ੍ਰਿਸ਼ ਆਪਣੀ ਖੂਬਸੂਰਤੀ ਗੁਆ ਦਿੰਦਾ। ਪਹਿਲੇ ਕੁਝ ਸ਼ਾਟ ਬਹੁਤੇ ਠੀਕ ਨਹੀਂ ਹੋਏ ਪਰ ਬਾਅਦ ਵਿੱਚ ਥੋੜ੍ਹਾ ਆਤਮ-ਵਿਸ਼ਵਾਸ ਆਇਆ ਅਤੇ ਆਖਰੀ ਨਤੀਜਾ ਵਧੀਆ ਨਿਕਲਿਆ।’’ ਸੱਤ ਭਾਗਾਂ ਵਿੱਚ ਵੰਡੀ ਗਈ ਇਹ ਸੀਰੀਜ਼ ਸੰਤੋਸ਼ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣੀ ਹੈ, ਜਿਸ ਵਿੱਚ ਤਾਨੀਆ ਕਾਲੜਾ, ਨਕੁਲ ਰੌਸ਼ਨ ਸਹਿਦੇਵ, ਸਮਰ ਵਰਮਾਨੀ ਅਤੇ ਅਸ਼ਮਿਤਾ ਜੱਗੀ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।