ਪ੍ਰਯਾਗਰਾਜ: ਅਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ਅਹਾਤੇ ’ਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਵੱਲੋਂ ਕੀਤੇ ਜਾਣ ਵਾਲੇ ਸਰਵੇਖਣ ’ਤੇ ਲੱਗੀ ਰੋਕ ਵੀਰਵਾਰ 27 ਜੁਲਾਈ ਤੱਕ ਵਧਾ ਦਿੱਤੀ ਹੈ। ਏਐੱਸਆਈ ਦੇ ਸਰਵੇਖਣ ਖ਼ਿਲਾਫ਼ ਮਸਜਿਦ ਪ੍ਰਬੰਧਕ ਕਮੇਟੀ ਅੰਜੂਮਨ ਇੰਤਜ਼ਾਮੀਆ ਮਸਜਿਦ ਦੀ ਪਟੀਸ਼ਨ ’ਤੇ ਸੁਣਵਾਈ ਮਗਰੋਂ ਚੀਫ ਜਸਟਿਸ ਪੀ. ਦਿਵਾਕਰ ਨੇ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਵੀ ਜਾਰੀ ਰੱਖਣ ਦਾ ਹੁਕਮ ਦਿੱਤਾ। ਅਦਾਲਤ ਨੇ ਹੁਕਮ ਦਿੱਤਾ ਕਿ ਏਐੱਸਆਈ ਦੇ ਸਰਵੇਖਣ ’ਤੇ ਉਦੋਂ ਤੱਕ ਰੋਕ ਜਾਰੀ ਰਹੇਗੀ। ਵੀਰਵਾਰ 27 ਜੁਲਾਈ ਨੂੰ ਮਾਮਲੇ ’ਤੇ ਸੁਣਵਾਈ 3.30 ਵਜੇ ਸ਼ੁਰੂ ਹੋਵੇਗੀ। ਅਦਾਲਤ ਵੱਲੋਂ ਅੱਜ ਮਾਮਲੇ ਦੀ ਸੁਣਵਾਈ ਸਵੇਰ ਦੇ ਸੈਸ਼ਨ ’ਚ 9 ਤੋਂ 12.30 ਵਜੇ ਤੱਕ ਅਤੇ ਫਿਰ ਸ਼ਾਮ ਨੂੰ 4.30 ਵਜੇ ਕੀਤੀ ਗਈ। ਸ਼ਾਮ ਨੂੰ ਸੁਣਵਾਈ ਦੌਰਾਨ ਭਾਰਤੀ ਪੁਰਾਤੱਤਵ ਸਰਵੇਖਣ ਦੇ ਅਧਿਕਾਰੀ ਵੀ ਹਾਜ਼ਰ ਸਨ। ਸੁਣਵਾਈ ਦੌਰਾਨ ਮਸਜਿਦ ਪ੍ਰਬੰਧਕ ਕਮੇਟੀ ਅਤੇ ਹਿੰਦੂੁ ਧਿਰ ਨੇ ਮਾਮਲੇ ਸਬੰਧੀ ਦਲੀਲਾਂ ਪੇਸ਼ ਕੀਤੀਆਂ।