ਇਹ ਕਦਮ ਕਤਰ, ਅਮਰੀਕਾ ਅਤੇ ਮਿਸਰ ਦੀ ਵਿਚੋਲਗੀ ਵਿੱਚ ਹੋਏ 42 ਦਿਨਾਂ ਦੇ ਜੰਗਬੰਦੀ ਸਮਝੌਤੇ ਦੇ ਹਿੱਸੇ ਵਜੋਂ ਆਇਆ ਹੈ
ਇਜ਼ਰਾਈਲ ਨੇ ਸੋਮਵਾਰ ਨੂੰ ਐਤਵਾਰ ਤੋਂ ਸ਼ੁਰੂ ਹੋਈ ਜੰਗਬੰਦੀ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ 90 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਜਵਾਬ ਵਿੱਚ, ਹਮਾਸ ਨੇ ਤਿੰਨ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਗਿਆ ਹੈ। ਇਹ ਕਦਮ ਕਤਰ, ਅਮਰੀਕਾ ਅਤੇ ਮਿਸਰ ਦੀ ਵਿਚੋਲਗੀ ਵਿੱਚ ਹੋਏ 42 ਦਿਨਾਂ ਦੇ ਜੰਗਬੰਦੀ ਸਮਝੌਤੇ ਦੇ ਹਿੱਸੇ ਵਜੋਂ ਆਇਆ ਹੈ। ਇਸ ਸਮਝੌਤੇ ਦਾ ਉਦੇਸ਼ ਗਾਜ਼ਾ ਵਿੱਚ 15 ਮਹੀਨਿਆਂ ਤੋਂ ਚੱਲ ਰਹੀ ਹਿੰਸਾ ਨੂੰ ਖ਼ਤਮ ਕਰਨਾ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕਰਨਾ ਹੈ।
ਐਤਵਾਰ ਨੂੰ ਹਮਾਸ ਦੁਆਰਾ ਰਿਹਾਅ ਕੀਤੀਆਂ ਗਈਆਂ ਤਿੰਨ ਇਜ਼ਰਾਈਲੀ ਮਹਿਲਾ ਬੰਧਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਇਜ਼ਰਾਈਲ ਨੇ ਸੋਮਵਾਰ ਸਵੇਰੇ ਓਫਰ ਜੇਲ ਤੋਂ 90 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ ਕੈਦੀਆਂ ਦਾ ਪੱਛਮੀ ਤੱਟ ‘ਤੇ ਬੇਟੂਨੀਆ ਸ਼ਹਿਰ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।
ਜੰਗਬੰਦੀ ਤੋਂ ਬਾਅਦ ਗਾਜ਼ਾ ਪੱਟੀ ਵਿੱਚ ਵਿਸਥਾਪਿਤ ਹਜ਼ਾਰਾਂ ਫ਼ਲਸਤੀਨੀ ਆਪਣੇ ਘਰਾਂ ਨੂੰ ਵਾਪਸ ਪਰਤਣ ਲੱਗੇ। ਜਬਾਲੀਆ ਦੇ ਵਸਨੀਕ ਰਾਣਾ ਮੋਹਸਿਨ ਨੇ ਕਿਹਾ, “ਅਸੀਂ ਆਖ਼ਰਕਾਰ ਘਰ ਪਹੁੰਚ ਗਏ ਹਾਂ। ਇੱਥੇ ਸਿਰਫ਼ ਮਲਬਾ ਬਚਿਆ ਹੈ, ਪਰ ਇਹ ਸਾਡਾ ਘਰ ਹੈ।” ਜੰਗਬੰਦੀ ਦੌਰਾਨ ਹਮਾਸ ਦੁਆਰਾ ਰੱਖੇ ਗਏ 33 ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਬਦਲੇ ਵਿੱਚ, ਇਜ਼ਰਾਈਲ 1,900 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਇਨ੍ਹਾਂ ਵਿੱਚੋਂ ਉਹ 230 ਕੈਦੀ ਹਨ ਜਿਨ੍ਹਾਂ ਨੂੰ ਇਜ਼ਰਾਈਲ ਨੇ ਘਾਤਕ ਹਮਲਿਆਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਨੂੰ ਕਤਰ ਜਾਂ ਤੁਰਕੀ ਭੇਜੇ ਜਾਣ ਦੀ ਸੰਭਾਵਨਾ ਹੈ।
ਸਮਝੌਤੇ ਮੁਤਾਬਕ ਇਜ਼ਰਾਈਲੀ ਫ਼ੌਜਾਂ ਸੰਘਣੀ ਆਬਾਦੀ ਵਾਲੇ ਇਲਾਕਿਆਂ ਤੋਂ ਪਿੱਛੇ ਹਟ ਜਾਣਗੀਆਂ ਅਤੇ ਗਾਜ਼ਾ ਤੱਕ ਮਨੁੱਖੀ ਸਹਾਇਤਾ ਪਹੁੰਚਾਈ ਜਾਵੇਗੀ। 16ਵੇਂ ਦਿਨ ਬਾਕੀ ਬਚੇ ਬੰਧਕਾਂ ਦੀ ਰਿਹਾਈ ਅਤੇ ਇਜ਼ਰਾਈਲੀ ਫ਼ੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਬਾਰੇ ਗੱਲਬਾਤ ਕੀਤੀ ਜਾਵੇਗੀ।
ਬਾਕੀ ਬਚੇ ਬੰਧਕਾਂ ਦੀਆਂ ਲਾਸ਼ਾਂ ਵਾਪਸ ਕਰ ਦਿੱਤੀਆਂ ਜਾਣਗੀਆਂ ਅਤੇ ਗਾਜ਼ਾ ਦੇ ਮੁੜ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।