ਮੁੰਬਈ, 20 ਅਪਰੈਲ
ਬਾਲੀਵੁੱਡ ਗਾਇਕ ਅਤੇ ਰੈਪਰ ਹਨੀ ਸਿੰਘ ਵਿਰੁੱਧ ਮਹਾਰਾਸ਼ਟਰ ਦੇ ਮੁੰਬਈ ਵਿੱਚ ਇਵੈਂਟ ਆਯੋਜਕ ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਅਤੇ ਹਮਲਾ ਕਰਨ ਦੇ ਦੋਸ਼ ਵਿੱਚ ਪੁਲhਸ ਸ਼ਿਕਾਇਤ ਦਰਜ ਕਰਵਾਈ ਗਈ ਹੈ. ਮੁੰਬਈ ਪੁਲhਸ ਮੁਤਾਬਕ ਵਿਵੇਕ ਰਮਨ ਨਾਂ ਦੇ ਵਿਅਕਤੀ ਨੇ ਹਨੀ ਸਿੰਘ ਅਤੇ ਹੋਰਾਂ ਖ਼ਿਲਾਫ਼ ਮੁੰਬਈ ਦੇ ਬੀਕੇਸੀ ਪੁਲੀਸ ਸਟੇਸ਼ਨ ‘ਚ ਲਿਖਤੀ ਸ਼ਿਕਾਇਤ ਦਿੱਤੀ ਹੈ। ਮੁੰਬਈ ਪੁਲੀਸ ਨੇ ਕਿਹਾ, ‘ਇਵੈਂਟ ਕੰਪਨੀ ਦੇ ਮਾਲਕ ਵਿਵੇਕ ਰਮਨ ਨੇ ਹਨੀ ਸਿੰਘ ਅਤੇ ਹੋਰਾਂ ਦੇ ਖਿਲਾਫ ਅਗਵਾ, ਉਸ ਨੂੰ ਬੰਦੀ ਬਣਾ ਕੇ ਰੱਖਣ ਅਤੇ ਹਮਲਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।’ ਪੁਲੀਸ ਨੇ ਕਿਹਾ ਕਿ ਉਸ ਨੇ ਦੋਸ਼ ਲਾਇਆ ਕਿ ਹਨੀ ਸਿੰਘ ਨੇ ਉਸ ਨੂੰ ਅਗਵਾ ਕੀਤਾ ਅਤੇ ਬੰਦੀ ਬਣਾ ਕੇ ਰੱਖਿਆ ਅਤੇ ਸ਼ਹਿਰ ਦੇ ਉਪਨਗਰ ਵਿੱਚ ਸਥਿਤ ਮੁੰਬਈ ਦੇ ਹੋਟਲ ਵਿੱਚ ਉਸ ਨਾਲ ਕੁੱਟਮਾਰ ਕੀਤੀ। 19 ਅਪਰੈਲ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਰਮਨ ਨੇ 15 ਅਪਰੈਲ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਵਿੱਚ ਗਾਇਕ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਪਰ ਪੈਸਿਆਂ ਦੇ ਲੈਣ-ਦੇਣ ਕਾਰਨ ਸਮਾਗਮ ਨੂੰ ਰੱਦ ਕਰਨਾ ਪਿਆ। ਸ਼ਿਕਾਇਤਕਰਤਾ ਨੇ ਬੀਕੇਸੀ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਸਮਾਗਮ ਰੱਦ ਹੋਣ ਕਾਰਨ ਹਨੀ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਉਸਨੂੰ ਮੁੰਬਈ ਦੇ ਇੱਕ ਹੋਟਲ ਵਿੱਚ ਬੰਦੀ ਬਣਾ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਉਸ ਨੇ ਮੰਗ ਕੀਤੀ ਕਿ ਹਨੀ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਗਾਇਕ ਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ। ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।